ਦਾ ਐਡੀਟਰ ਨਿਊਜ.ਚੰਡੀਗੜ੍ਹ —— 2015 ਵਿੱਚ ਪੰਜਾਬ ਦੇ ਬਰਗਾੜੀ ਬੇਅਦਬੀ ਕਾਂਡ ਨੂੰ ਲੈ ਕੇ ਡੇਰਾ ਸਿਰਸਾ ’ਤੇ ਇਹ ਇਲਜਾਮ ਲੱਗੇ ਸੀ ਕਿ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗਾਂ ਨੂੰ ਪਾੜ ਕੇ ਸੜਕਾਂ ਵਿੱਚ ਖਿਲਾਰੇ ਸੀ ਲੇਕਿਨ ਅਜੇ ਤੱਕ ਇਹ ਰਹੱਸ ਬਣਿਆ ਹੋਇਆ ਹੈ ਕਿ ਆਖਿਰਕਾਰ ਇਸ ਸਾਜਿਸ਼ ਦੇ ਪਿੱਛੇ ਕੌਣ ਸੀ ਲੇਕਿਨ ਕੀ ਇਸ ਬੇਅਦਬੀ ਮਾਮਲੇ ਵਿੱਚ ਭਾਜਪਾ ਦਾ ਹੱਥ ਹੋ ਸਕਦਾ ਹੈ ਇਸ ਸਵਾਲ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਡੇਰੇ ਸਿਰਸਾ ਦੀ ਮੌਜੂਦਾ ਲੀਡਰਸ਼ਿਪ ਤੋਂ ਬਾਗੀ ਧੜੇ ਵੱਲੋਂ ਜੋ ਕੁਝ ਸੋਸ਼ਲ ਮੀਡੀਆ ’ਤੇ ਪ੍ਰਚਾਰਿਆ ਜਾ ਰਿਹਾ ਹੈ ਉਸ ਤੋਂ ਇਹ ਗੱਲ ਸਾਫ ਝਲਕ ਰਹੀ ਹੈ ਕਿ ਇਸ ਬੇਅਦਬੀ ਕਾਂਡ ਵਿੱਚ ਭਾਜਪਾ ਦੀ ਕਥਿਤ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਬੇਅਦਬੀ ਕਾਂਡ ਦਾ ਮਾਸਟਰ ਮਾਂਈਡ ਅਤੇ ਪੰਜਾਬ ਪੁਲਿਸ ਦਾ ਭਗੌੜਾ ਪ੍ਰਦੀਪ ਕਲੇਰ ਇਨ੍ਹਾਂ ਦਿਨਾਂ ਵਿੱਚ ਭਾਜਪਾ ਦੇ ਮੰਤਰੀਆਂ ਤੇ ਆਰ.ਐੱਸ.ਐੱਸ. ਦੇ ਵੱਡੇ ਲੀਡਰਾਂ ਨਾਲ ਅਯੁੱਧਿਆ ਵਿੱਚ ਹਰ ਰੋਜ ਲੰਗਰ ਵਰਤਾ ਰਿਹਾ ਹੈ।
ਇੱਥੇ ਜਿਕਰਯੋਗ ਹੈ ਕਿ ਪ੍ਰਦੀਪ ਕਲੇਰ, ਹਰਸ਼ ਧੂਰੀ ਤੇ ਸੰਦੀਪ ਬਰੇਟਾ ਨੂੰ ਬਰਗਾੜੀ ਕਾਂਡ ਵਿੱਚ ਭਗੌੜਾ ਐਲਾਨਿਆ ਜਾ ਚੁੱਕਾ ਹੈ, ਫਤਹਿ ਵਰਸਿਜ ਵਰਡਿਕਟ ਨਾਂ ਦੇ ਪੇਜ ’ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ ਜਿਸ ਵਿੱਚ ਯੂ.ਪੀ.ਸਰਕਾਰ ਦੇ ਮੰਤਰੀ ਅਤੇ ਭਾਜਪਾ ਆਗੂ ਸੂਰਯ ਪ੍ਰਤਾਪ ਸ਼ਾਹੀ ਵੱਲੋਂ ਇੱਕ ਐਕਸ ਪੋਸਟ ਨੂੰ ਸਾਂਝੀ ਕੀਤਾ ਗਿਆ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਅਯੁੱਧਿਆ ਵਿੱਚ ਵੈਦਿਕ ਕਾਰਵਾਂ ਫਾਊਡੇਸ਼ਨ ਦੇ ਬੈਨਰ ਹੇਠ ਸੰਤ ਜਗਜੀਤ ਸਿੰਘ, ਸੰਤ ਨਿਰਮਲ ਦਾਸ, ਮਨੀਸ਼ ਮਲਿਕ , ਜਗਤਾਰ, ਪ੍ਰਦੀਪ ਕਲੇਰ ਵੱਲੋਂ ਹਰ ਰੋਜ 15 ਹਜਾਰ ਬੰਦੇ ਨੂੰ ਅਯੁੱਧਿਆ ਰਾਮ ਮੰਦਿਰ ਦੇ ਸਾਹਮਣੇ ਭੰਡਾਰੇ ਵਿੱਚ ਭੋਜਨ ਛਕਾਇਆ ਜਾ ਰਿਹਾ ਹੈ, ਇੱਥੇ ਹੀ ਨਹੀਂ ਇਸ ਪੇਜ ’ਤੇ ਸ਼੍ਰੀ ਰਾਮ ਜਨਮ ਭੂਮੀ ਦੇ ਤੀਰਥ ਸਥਲ ਅਯੁੱਧਿਆ ਦੇ ਮਹਾਂਮੰਤਰੀ ਚੰਪਤ ਰਾਏ ਤੇ ਉੱਤਰ ਪ੍ਰਦੇਸ਼ ਦੇ ਆਰ.ਐੱਸ.ਐੱਸ. ਦੇ ਪ੍ਰਚਾਰਕ ਮਨੋਜ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਰਾਸ਼ਟਰੀ ਮਹਾਂਮੰਤਰੀ ਕੋਟੇਸ਼ਵਰ ਸ਼ਰਮਾ ਤੇ ਸੰਤ ਨਿਰਮਲ ਦਾਸ ਨਾਲ ਵੀ ਪ੍ਰਦੀਪ ਕਲੇਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਇੱਥੇ ਹੀ ਨਹੀਂ ਉੱਤਰ ਪ੍ਰਦੇਸ਼ ਦੇ ਇੱਕ ਹੋਰ ਮੰਤਰੀ ਸਤੀਸ਼ ਸ਼ਰਮਾ ਨਾਲ ਵੀ ਪ੍ਰਦੀਪ ਕਲੇਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
ਕੌਣ ਹੈ ਪ੍ਰਦੀਪ ਕਲੇਰ
ਮਿਲੀ ਜਾਣਕਾਰੀ ਅਨੁਸਾਰ ਪ੍ਰਦੀਪ ਕਲੇਰ ਜੋ ਕਿ ਡੇਰਾ ਸਿਰਸਾ ਦੇ ਪ੍ਰਮੁੱਖ ਆਗੂਆਂ ਵਿੱਚੋ ਅਹਿਮ ਸੀ ਜਿਸ ਦਾ ਸਭ ਤੋਂ ਪਹਿਲਾ ਨਾਮ ਉਸ ਸਮੇਂ ਵੱਡੇ ਪੱਧਰ ’ਤੇ ਸਾਹਮਣੇ ਆਇਆ ਸੀ ਜਦੋਂ ਉਹ ਡੇਰੇ ਦੀ ਇੱਕ ਇਕਾਈ ਯੂਥ ਵੈਲਫੇਅਰ ਫੈਡਰੇਸ਼ਨ ਦਾ ਪ੍ਰਧਾਨ ਬਣਿਆ ਸੀ ਤੇ 2014 ਵਿੱਚ ਇਹ ਨੈਸ਼ਨਲ ਕਮੇਟੀ ਦਾ ਮੈਂਬਰ ਬਣ ਗਿਆ ਸੀ ਤੇ ਨਾਲ ਹੀ ਇਹ ਡੇਰੇ ਦੇ ਰਾਜਨੀਤਿਕ ਵਿੰਗ ਦਾ ਵੀ ਪ੍ਰਮੁੱਖ ਆਗੂ ਸੀ। ਡੇਰੇ ਨਾਲ ਜੁੜੇ ਹੋਏ ਜੇਕਰ ਸੂਤਰਾਂ ਦੀ ਮੰਨੀਏ ਤਾਂ ਪ੍ਰਦੀਪ ਕਲੇਰ ਦੀ 2014 ਵਿੱਚ ਹੀ ਬੀ.ਜੇ.ਪੀ.ਨਾਲ ਬੜੀ ਨੇੜਤਾ ਸੀ, ਜਿਸਨੇ 2014 ਵਿੱਚ ਹੋਈਆਂ ਲੋਕ ਸਭਾ ਚੋਣਾ ਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ ਅਤੇ ਜਦੋਂ 2014 ਵਿੱਚ ਖੱਟਰ ਸਰਕਾਰ ਦਾ ਸਹੁੰ ਚੁੱਕ ਸਮਾਗਮ ਸੀ ਤਦ ਉਸ ਸਮੇਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਟੇਜ ’ਤੇ ਬੋਲ ਰਹੇ ਸਨ ਤਾਂ ਪ੍ਰਦੀਪ ਕਲੇਰ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠ ਗਿਆ ਤੇ ਕਾਫੀ ਸਮਾਂ ਇਹ ਅਮਿਤ ਸ਼ਾਹ ਨਾਲ ਗੱਲਬਾਤ ਕਰਦਾ ਰਿਹਾ ਤੇ ਇੱਕ ਸਾਲ ਬਾਅਦ ਹੀ 2015 ਵਿੱਚ ਬੇਅਦਬੀ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ।
ਡੇਰੇ ਦਾ ਹੋਇਆ ਭਗਵਾਂ ਕਰਨ
ਡੇਰੇ ਦੇ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਬਾਗੀ ਧੜੇ ਵੱਲੋਂ ਜੋ ਸ਼ੋਸ਼ਲ ਮੀਡੀਆ ’ਤੇ ਮੁਹਿੰਮ ਛੇੜੀ ਗਈ ਹੈ ਉਸ ਤੋਂ ਇਹ ਗੱਲ ਸਾਫ-ਸਾਫ ਦਿਖਣ ਲੱਗ ਪਈ ਹੈ ਕਿ ਡੇਰਾ ਸਿਰਸੇ ਦਾ ਭਗਵਾਂਕਰਨ ਹੋ ਚੁੱਕਾ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਰਾਮ ਮੰਦਿਰ ਦਾ ਮੁੱਦਾ ਵੀ ਡੇਰੇ ਵਿੱਚ ਅਹਿਮ ਤੌਰ ’ਤੇ ਪ੍ਰਚਾਰਿਆ ਗਿਆ, ਹਾਲਾਂਕਿ ਇਹ ਵੀ ਸੱਚ ਹੈ ਕਿ ਹੁਣ ਤੱਕ ਡੇਰੇ ਦੀ ਮਾਨਤਾ ਵੀ ਲਗਾਤਾਰ ਘੱਟਦੀ ਜਾ ਰਹੀ ਹੈ ਤੇ ਡੇਰੇ ਦੇ ਸ਼ਰਧਾਲੂ ਡੇਰੇ ਨੂੰ ਛੱਡਦੇ ਜਾ ਰਹੇ ਹਨ।