ਦਾ ਐਡੀਟਰ ਨਿਊਜ਼. ‘ਟੋਰਾਂਟੋ/ਚੰਡੀਗੜ੍ਹ —– ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਇਸ ਸਮੇਂ ਕੈਨੇਡਾ ਦੇ ਦੌਰੇ ’ਤੇ ਹਨ ਅਤੇ ਇੱਕ ਵੱਡੇ ਵਿਵਾਦ ਵਿੱਚ ਫਸੇ ਹੋਏ ਹਨ, ਦਾ ਐਡੀਟਰ ਨਿਊਜ਼ ਨੂੰ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਸੰਦੋਆ ਨੂੰ 19 ਜਨਵਰੀ ਨੂੰ ਸਵੇਰੇ ਕੈਨੇਡਾ ਬਾਰਡਰ ਸਰਵਿਸ ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਤਲਬ ਕਰ ਲਿਆ ਗਿਆ ਹੈ, ਹਾਲਾਂਕਿ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਅਤੇ ਨਾ ਹੀ ਦਾ ਐਡੀਟਰ ਨਿਊਜ਼ ਇਸ ਦੀ ਅਧਿਕਾਰਤ ਪੁਸ਼ਟੀ ਕਰਦਾ ਹੈ ਪਰ ਇਸ ਮਾਮਲੇ ਦੇ ਸਾਹਮਣੇ ਆਉਣ ਪਿੱਛੋ ਆਪ ਦੀ ਦਿੱਲੀ-ਪੰਜਾਬ ਲੀਡਰਸ਼ਿਪ ਸਿਆਸੀ ਦਰਦ ਨਾਲ ਸੀ-ਸੀ ਕਰਦੀ ਪਈ ਹੈ ਤੇ ਵਿਰੋਧੀ ਪਾਰਟੀਆਂ ਦੇ ਆਗੂ ਆਪ ਦੇ ਸਾਬਕਾ ਵਿਧਾਇਕ ਦੀ ਇਸ ਕਥਿਤ ਕਰਤੂਤ ਪ੍ਰਤੀ ਸ਼ੀ-ਸ਼ੀ ਕਰਕੇ ਆਪ ਦੀ ਲੀਡਰਸ਼ਿਪ ਨੂੰ ਸ਼ਰਮ ਕਰਨ ਦਾ ਅਹਿਸਾਸ ਕਰਵਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਜਦੋਂ ਰੋਪੜ ਦੇ ਐਸਐਸਪੀ ਵੱਲੋਂ ਕੈਨੇਡਾ ਬਾਰਡਰ ਸਰਵਿਸ ਨੂੰ ਇੱਕ ਚਿੱਠੀ ਭੇਜ ਕੇ ਅਮਰਜੀਤ ਸਿੰਘ ਸੰਦੋਆ ਨੂੰ ਕਲੀਨ ਚਿੱਟ ਦਿੱਤੀ ਗਈ ਤਦ ਉਨ੍ਹਾਂ ਨੂੰ ਕੈਨੇਡਾ ਅੰਦਰ ਦਾਖਲ ਹੋਣ ਦਿੱਤਾ ਗਿਆ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ 16 ਜਨਵਰੀ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਕੈਨੇਡਾ ਪੁੱਜੇ ਸਨ ਲੇਕਿਨ ਤਦ ਸੰਧਵਾਂ ਨੂੰ ਤਾਂ ਐਂਟਰੀ ਦੇ ਦਿੱਤੀ ਗਈ ਪਰ ਅਮਰਜੀਤ ਸਿੰਘ ਸੰਦੋਆ ਨੂੰ ਰੋਕ ਲਿਆ ਗਿਆ, ਕਿਉਂਕਿ ਉਨ੍ਹਾਂ ’ਤੇ 2010 ਵਿੱਚ ਰੋਪੜ ਦੇ ਇੱਕ ਬੱਚੇ ਨਾਲ ਬਦਫੈਲੀ ਅਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਸਨ ਪਰ ਐਸਐਸਪੀ ਰੋਪੜ ਗੁਰਨੀਤ ਸਿੰਘ ਖੁਰਾਣਾ ਵੱਲੋਂ ਕਲੀਨ ਚਿੱਟ ਦੇਣ ਸਬੰਧੀ ਭੇਜੇ ਗਏ ਪੱਤਰ ਤੋਂ ਬਾਅਦ ਸੰਦੋਆ ਨੂੰ ਕੈਨੇਡਾ ਅੰਦਰ ਦਾਖਿਲ ਹੋਣ ਦੀ ਆਗਿਆ ਦਿੱਤੀ ਗਈ ਪਰ ਜਦੋਂ ਇਹ ਮਾਮਲਾ ਸਾਹਮਣੇ ਵਿੱਚ ਆਇਆ ਤਾਂ ਸੰਦੂਆ ਦੇ ਖਿਲਾਫ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੂੰ ਲਗਾਤਾਰ ਕਈ ਸ਼ਿਕਾਇਤਾਂ ਕੀਤੀਆਂ ਗਈਆਂ, ਜਿਸ ਦੇ ਆਧਾਰ ’ਤੇ ਅਮਰਜੀਤ ਸਿੰਘ ਸੰਦੋਆ ਨੂੰ ਤਲਬ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ, ਉਨ੍ਹਾਂ ਨੂੰ 19 ਜਨਵਰੀ ਨੂੰ ਸਵੇਰੇ ਤਲਬ ਕੀਤਾ ਗਿਆ ਹੈ ਜਦੋਂ ਉਹ ਪੇਸ਼ ਹੋਣਗੇ ਤਦ ਭਾਰਤ ਵਿੱਚ ਰਾਤ ਹੋ ਚੁੱਕੀ ਹੋਵੇਗੀ।
ਇਸ ਸਬੰਧੀ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਦੇ ਉੱਘੇ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਵੱਲੋਂ ਆਪਣੇ ਐਕਸ ਹੈਂਡਲ ’ਤੇ ਪੋਸਟ ਪਾ ਕੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੰਦੋਆ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ, ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਦਾ ਇੱਕ ਸ਼ਿਕਾਇਤਕਰਤਾ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਦੇ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਵਿਚਕਾਰ ਈ-ਮੇਲਾਂ ਦਾ ਸਿਲਸਿਲਾ ਜਾਰੀ ਹੈ। ਇਸ ਸਬੰਧੀ ਅਮਰਜੀਤ ਸਿੰਘ ਸੰਦੋਆ ਦਾ ਪੱਖ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ, ਇਹ ਮਾਮਲਾ ਹੁਣ ਕੈਨੇਡੀਅਨ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਮਾਮਲੇ ਨੂੰ ਕੈਨੇਡਾ ਦੇ ਸਭ ਤੋਂ ਵੱਡੇ ਪੁਰਾਣੇ ਮੀਡੀਆ ਹਾਊਸ ਪ੍ਰਵਾਸੀ ਮੀਡੀਆ ਵੱਲੋਂ ਵੀ ਵੱਡੇ ਪੱਧਰ ’ਤੇ ਚੁੱਕਿਆ ਜਾ ਰਿਹਾ ਹੈ।