ਦਾ ਐਡੀਟਰ ਨਿਊਜ਼. ਚੰਡੀਗੜ੍ਹ ——- 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਟੱਕਰ ਦੇਣ ਲਈ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਵੱਲੋਂ ਬਣਾਏ ਗਏ ਗੱਠਜੋੜ ਇੰਡੀਆ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਚੋਣਾਂ ਲੜਨ ਲਈ ਕਈ ਵਾਰ ਬਿਆਨ ਦੇ ਚੁੱਕੇ ਹਨ ਲੇਕਿਨ ਪੰਜਾਬ ਵਿੱਚ ਇਹ ਗਠਜੋੜ ਕਾਮਯਾਬ ਹੁੰਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਜਿੱਥੇ ਇਸ ਗੱਠਜੋੜ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੜਾ ਹੈ ਉਥੇ ਹੀ ਪੰਜਾਬ ਦੀ ਸਮੁੱਚੀ ਕਾਂਗਰਸ ਪਾਰਟੀ ਨੇ ਇਸ ਗਠਜੋੜ ਦੇ ਖਿਲਾਫ ਆਪਣਾ ਫਤਵਾ ਦੇ ਦਿੱਤਾ ਹੈ, ਹਾਲ ਹੀ ਵਿੱਚ ਬਣੇ ਪੰਜਾਬ ਦੇ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਕਾਂਗਰਸ ਆਈ ਦੇ ਨਾਲ ਸੰਬੰਧਿਤ ਵੱਖ-ਵੱਖ ਧੜਿਆਂ ਅਤੇ ਅਹੁਦੇਦਾਰਾਂ ਨਾਲ ਤਿੰਨ ਦਿਨ ਦਾ ਮੀਟਿੰਗਾਂ ਦਾ ਸਿਲਸਿਲਾ ਖਤਮ ਹੋਇਆ ਹੈ, ਜਿਸ ਵਿੱਚ ਜਿੱਥੇ ਪੰਜਾਬ ਦੇ ਸਮੁੱਚੇ ਲੀਡਰਾਂ 117 ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਅਤੇ 238 ਬਲਾਕ ਪ੍ਰਧਾਨਾਂ ਨੇ ਇਸ ਗੱਠਜੋੜ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਹੈ।


ਬੀਤੀ ਰਾਤ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਘਰ ਨਵਜੋਤ ਸਿੰਘ ਸਿੱਧੂ ਨੂੰ ਛੱਡ ਕਿ ਤਕਰੀਬਨ ਸਾਰੇ ਪੰਜਾਬ ਦੇ ਵੱਡੇ ਨੇਤਾ ਸ਼ਾਮਿਲ ਹੋਏ ਹਨ, ਬਾਜਵਾ ਦੇ ਘਰ ਰੱਖੀ ਗਈ ਡਿਨਰ ਪਾਰਟੀ ਵਿੱਚ ਜਿੱਥੇ ਇਸ ਗਠਜੋੜ ਨੂੰ ਲੈ ਕੇ ਚਰਚਾ ਹੋਈ, ਉੱਥੇ ਹੀ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਵੀ ਵਿਚਾਰਿਆ ਗਿਆ ਅਤੇ ਸਾਰੇ ਨੇਤਾਵਾਂ ਨੇ ਇੱਕ ਸੁਰ ਹੋ ਕੇ ਦਵਿੰਦਰ ਯਾਦਵ ਰਾਹੀਂ ਨੈਸ਼ਨਲ ਲੀਡਰਸ਼ਿਪ ਨੂੰ ਇਹ ਸੁਨੇਹਾ ਭੇਜਿਆ ਹੈ ਕਿ ਨਵਜੋਤ ਸਿੱਧੂ ਅਤੇ ਉਸ ਦੇ ਉਹ ਸਾਥੀ ਜਿਨਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਰੈਲੀਆਂ ਕਰਵਾਈਆਂ ਹਨ ਨੂੰ ਪਾਰਟੀ ਵਿੱਚੋਂ ਤੁਰੰਤ ਕੱਢਿਆ ਜਾਵੇ ਅਤੇ ਇਹ ਵੀ ਕਿਹਾ ਹੈ ਕਿ ਜਿੰਨਾ ਇਸ ਮਾਮਲੇ ਵਿੱਚ ਦੇਰ ਕੀਤੀ ਜਾਵੇਗੀ ਉਨਾ ਹੀ ਪਾਰਟੀ ਦਾ ਜਿਆਦਾ ਨੁਕਸਾਨ ਹੋਵੇਗਾ ਅਤੇ ਸਿੱਧੂ ਪਾਰਟੀ ਲਈ ਨਸੂਰ ਬਣ ਗਏ ਹਨ।

ਰਾਜਾ ਵੜਿੰਗ ਤੋਂ ਵੀ ਪਾਸਾ ਵੱਟਿਆ
ਹਾਲਾਂਕਿ ਇਹ ਰਾਤ ਦੀ ਪਾਰਟੀ ਵਿੱਚ ਪੰਜਾਬ ਕਾਂਗਰਸ ਆਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਸ਼ਾਮਿਲ ਹੋਏ ਸਨ ਲੇਕਿਨ ਕਾਂਗਰਸ ਨਾਲ ਜੁੜੇ ਹੋਏ ਜੇਕਰ ਅਹਿਮ ਸੂਤਰਾਂ ਦੀ ਮੰਨੀਏ ਤਾਂ ਰਾਜਾ ਵੜਿੰਗ ਦੇ ਹੀ ਬੇਹੱਦ ਕਰੀਬੀ 11 ਸਾਥੀਆਂ ਨੇ ਰਾਜਾ ਵੜਿੰਗ ਦਾ ਸਾਥ ਛੱਡ ਦਿੱਤਾ ਹੈ, ਜਿਸ ਵਿੱਚ ਸਾਬਕਾ ਵਿਧਾਇਕ ਕੁਲਬੀਰ ਜੀਰਾ ਵੀ ਸ਼ਾਮਿਲ ਹੈ, ਇਸ ਸਬੰਧੀ ਇੱਕ ਨੇਤਾ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਰਾਜਾ ਵੜਿੰਗ ਪਿਛਲੇ ਕਾਫੀ ਮਹੀਨਿਆਂ ਤੋਂ ਦੋਗਲੀ ਨੀਤੀ ਅਖਤਿਆਰ ਕਰਕੇ ਚੱਲ ਰਹੇ ਸਨ ਅਤੇ ਸਰਕਾਰ ਅੱਗੇ ਆਪਣੇ ਖਿਲਾਫ ਚੱਲਦੀ ਜਾਂਚ ਦੀ ਵਜ੍ਹਾ ਨਾਲ ਗੋਡੇ ਟੇਕੀ ਬੈਠੇ ਹਨ ਅਤੇ ਗੱਠਜੋੜ ਵਾਲੇ ਮਾਮਲੇ ਵਿੱਚ ਵੀ ਦੋਹਰੀ ਨੀਤੀ ਅਪਣਾ ਰਹੇ ਹਨ, ਉਨ੍ਹਾਂ ਦਾ ਦੋਸ਼ ਹੈ ਕਿ ਰਾਜਾ ਵੜਿੰਗ ਨੇ ਆਪਣੇ ਆਪ ਨੂੰ ਸਰਕਾਰ ਕੋਲ ਗਿਰਵੀ ਰੱਖਿਆ ਹੀ ਹੈ, ਉਹ ਪਾਰਟੀ ਨੂੰ ਵੀ ਸਰਕਾਰ ਅੱਗੇ ਗਿਰਵੀ ਰੱਖਣ ਲਈ ਤੁਲੇ ਹੋਏ ਸਨ।
ਸਿੱਧੂ ਦੇ ਨਿਸ਼ਾਨੇ ’ਤੇ ਵੜਿੰਗ
ਅੱਜ ਸਵੇਰੇ ਹੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਐਕਸ ਅਕਾਊਂਟ ਤੋਂ ਰਾਜਾ ਵੜਿੰਗ ਦਾ ਨਾਮ ਨਾ ਲਏ ਬਗੈਰ ਇੱਕ ਸ਼ੇਅਰ ਪੜ੍ਹ ਕੇ ਰਾਜੇ ’ਤੇ ਤੰਜ ਕੱਸਿਆ ਸੀ, ਜਿਸ ਨੂੰ ਲੈ ਕੇ ਅੱਜ ਪੂਰਾ ਦਿਨ ਇਸ ਮਾਮਲੇ ਨੂੰ ਲੈ ਕੇ ਹੱਲਚਲ ਹੁੰਦੀ ਰਹੀ ਅਤੇ ਇਸ ਤੰਜ ਦਾ ਅਸਰ ਉਸ ਵਕਤ ਦੇਖਣ ਨੂੰ ਮਿਲਿਆ ਜਦ ਵੜਿੰਗ ਤੋਂ ਮੀਡੀਆ ਸਵਾਲ ਪੁੱਛ ਰਿਹਾ ਸੀ ਤਾਂ ਉਹ ਬੌਖਲਾਏ ਹੋਏ ਨਜ਼ਰ ਆ ਰਹੇ ਸਨ ਹਾਲਾਂਕਿ ਉਹਨਾਂ ਨੇ ਸਿੱਧੂ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਬਾਰੇ ਸਵਾਲ ’ਤੇ ਇੰਨਾ ਜਰੂਰ ਇਸ਼ਾਰਾ ਕੀਤਾ ਕਿ ਜਲਦੀ ਹੀ ਤੁਹਾਡੇ ਟੈਲੀਵਿਜ਼ਨਾਂ ’ਤੇ ਖਬਰ ਚੱਲੇਗੀ।