ਦਾ ਐਡੀਟਰ ਨਿਊਜ਼ ਹੁਸ਼ਿਆਰਪੁਰ ——- ਪੰਜਾਬ ਕਾਂਗਰਸ ਪਾਰਟੀ ਤੋਂ ਬਾਗੀ ਚੱਲੇ ਆ ਰਹੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਮਾਲਵੇ ਦੇ ਬਠਿੰਡੇ ਵਿੱਚ ਦੋ ਰੈਲੀਆਂ ਕਰਨ ਤੋਂ ਬਾਅਦ ਸਿੱਧਾ ਰੁੱਖ ਦੁਆਬੇ ਦਾ ਕੀਤਾ ਹੈ। ਸਿੱਧੂ 9 ਜਨਵਰੀ ਨੂੰ ਹੁਸ਼ਿਆਰਪੁਰ ਵਿਖੇ ਇੱਕ ਵਿਸ਼ਾਲ ਰੈਲੀ ਕਰਨ ਜਾ ਰਿਹਾ ਹੈ, ਇਹ ਰੈਲੀ ਹੁਸ਼ਿਆਰਪੁਰ ਤੋਂ ਬਾਗੀ ਤੇਵਰ ਦਿਖਾ ਰਹੇ ਵਿਸ਼ਵਨਾਥ ਬੰਟੀ ਘੋੜੀਆਂ ਵਾਲੇ ਦੀ ਰਹਿਨੁਮਾਈ ਹੇਠ ਹੋ ਰਹੀ ਹੈ।
ਬੰਟੀ ਨੇ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ ਕਿਉਂਕਿ ਉਹਨਾਂ ਦਾ ਰਾਜਨੀਤਿਕ ਭਵਿੱਖ ਇਸ ਰੈਲੀ ਉੱਤੇ ਹੀ ਟਿਕਿਆ ਹੋਇਆ ਹੈ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਵਿਸ਼ਵਨਾਥ ਬੰਟੀ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਪਰ ਉਹਨਾਂ ਦਾ ਰਾਜਨੀਤਿਕ ਵਿਰੋਧ ਹੋਣ ਦੀ ਵਜਹਾ ਕਾਰਨ ਉਹ ਪਾਰਟੀ ਵਿੱਚ ਵੱਡਾ ਮੁਕਾਮ ਹਾਸਲ ਨਹੀਂ ਕਰ ਸਕੇ ਅਤੇ ਉਹ ਪਿਛਲੇ ਕਾਫੀ ਸਮੇਂ ਤੋਂ ਜ਼ਿਲ੍ਹੇ ਦੀ ਪ੍ਰਧਾਨਗੀ ਦੇ ਵੱਡੇ ਦਾਅਵੇਦਾਰ ਸਨ ਪਰ ਜ਼ਿਲ੍ਹੇ ਵਿੱਚ ਵੱਡਾ ਵਿਰੋਧ ਹੋਣ ਕਾਰਨ ਉਹਨਾਂ ਨੂੰ ਪ੍ਰਧਾਨਗੀ ਮਿਲ ਨਹੀਂ ਸਕੀ ਜਿਸ ਦੀ ਵਜਹਾ ਕਰਕੇ ਉਹਨਾਂ ਨੇ ਇਹ ਬਾਗੀ ਤੇਵਰ ਦਾ ਰਸਤਾ ਅਖਤਿਆਰ ਕੀਤਾ ਹੈ, ਹਾਲਾਂਕਿ ਹੁਸ਼ਿਆਰਪੁਰ ਤੋਂ ਵਿਧਾਇਕ ਤੇ ਮੰਤਰੀ ਰਹੇ ਸੁੰਦਰ ਸ਼ਾਮ ਅਰੋੜਾ ਵਲੋਂ ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਹੁਸ਼ਿਆਰਪੁਰ ਵਿਧਾਨ ਸਭਾ ਹਲਕਾ ਕਾਂਗਰਸ ਪਾਰਟੀ ਵਿੱਚ ਲਵਾਰਸ ਹੋਇਆ ਪਿਆ ਹੈ ਅਤੇ ਬੰਟੀ ਇਸ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਸਭ ਤੋਂ ਵੱਡੇ ਦਾਅਵੇਦਾਰ ਹਨ ਅਤੇ ਉਹ ਇਸ ਤਰ੍ਹਾਂ ਦੀ ਰੈਲੀ ਕਰਕੇ ਆਪਣਾ ਪਹਿਲਾ ਸ਼ਕਤੀ ਪ੍ਰਦਰਸ਼ਨ ਕਰਨ ਜਾ ਰਹੇ ਹਨ।