ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ — ਅੱਜ ਸਵੇਰੇ ਹੁਸ਼ਿਆਰਪੁਰ ਤੋਂ 13 ਕਿਲੋ-ਮੀਟਰ ਦੂਰ ਦੁਸੜਕਾ ਵਿਖੇ ਹੋਏ ਸੰਦੀਪ ਸਿੰਘ ਚੀਨਾ ਦੇ ਕਤਲ ਮਾਮਲੇ ‘ਚ ‘ਦਾ ਐਡੀਟਰ ਨਿਊਜ਼’ ਨੂੰ ਮਿਲੀ ਐਕਸਕਲੂਸਿਵ ਜਾਣਕਾਰੀ ਅਨੁਸਾਰ ਜਿੱਥੇ ਇਸ ਕਤਲ ਦੀ ਵਜ੍ਹਾ ਰੰਜਿਸ਼ ਸਾਹਮਣੇ ਆਈ ਹੈ ਉੱਥੇ ਹੀ ਪੁਲਿਸ ਵੱਲੋਂ ਇਸ ਮਾਮਲੇ ‘ਚ ਪੁਲਿਸ ਦੀ ਢਿੱਲੀ ਕਾਰਵਾਈ ਅਤੇ ਲਾਪਰਵਾਹੀ ਦੀ ਮਿਸਾਲ ਵੀ ਸਾਹਮਣੇ ਆਉਂਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਅਸਲਪੁਰ ਦੇ ਰਹਿਣ ਵਾਲੇ ਅਨੂਪ ਕੁਮਾਰ ਉਰਫ ਵਿੱਕੀ ਅਤੇ ਉਸ ਦੇ ਸਾਥੀਆਂ ਦੀ ਇੱਕ ਕਥਿਤ ਲੁੱਟ-ਖੋਹ ਦੇ ਸ਼ੱਕ ਹੇਠ ਮ੍ਰਿਤਕ ਸੰਦੀਪ ਚੀਨਾ ਨੇ ਦੁਸੜਕੇ ਵਿਖੇ ਬਣਾਏ ਗਏ ‘ਕਾਜਲ ਅਰਥ ਮੂਵਰ’ ਡੰਪ ‘ਤੇ ਪਹਿਲਾਂ ਇਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਫੇਰ ਉਸ ਦੀ ਵੀਡੀਓ ਬਣਾਈ ਅਤੇ ਫੇਰ ਉਸ ਨੂੰ ਵਾਇਰਲ ਕਰ ਦਿੱਤਾ, ਜਿਸ ਦੀ ਸ਼ਿਕਾਇਤ ਥਾਣਾ ਬੁੱਲ੍ਹੋਵਾਲ ਕੋਲ ਪਹੁੰਚੀ ਸੀ। ਲੇਕਿਨ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਮ੍ਰਿਤਕ ਚੀਨਾ ਦੇ ਦਬਾਅ ਹੇਠ ਆ ਕੇ ਜ਼ਬਰਦਸਤੀ ਹੇਠ ਰਾਜ਼ੀਨਾਮਾ ਕਰਵਾ ਦਿੱਤਾ, ਜਿਸ ਦੀ ਕਿੜ ਵਿੱਕੀ ਅਤੇ ਉਸ ਦੇ ਸਾਥੀਆਂ ਨੇ ਰੱਖੀ ਅਤੇ ਅੱਜ ਸਵੇਰੇ ਹੀ 7 ਵਜੇ ਦੇ ਕਰੀਬ ਵਿੱਕੀ ਅਤੇ ਉਸ ਦੇ ਸਾਥੀ ਮਨੀਸ਼ ਕੁਮਾਰ ਨੇ ਸੰਦੀਪ ਚੀਨਾ ਦਾ ਗੋਲੀਆਂ ਮਾਰ ਕੇ ਕਤਲ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।

ਇਸ ਮਾਮਲੇ ਨੂੰ ਲੈ ਹੁਸ਼ਿਆਰਪੁਰ ਸ਼ਹਿਰ ‘ਚ ਹਾਈਵੋਲਟੇਜ ਡਰਾਮਾ ਹੋਇਆ, ਜਿੱਥੇ ਕਿ ਬੇਗ਼ਮਪਪੁਰਾ ਟਾਈਗਰ ਫੋਰਸ ਜਥੇਬੰਦੀ ਨੇ ਜਿੱਥੇ ਮੁਜ਼ਾਹਰਾ ਕੀਤਾ ਉੱਥੇ ਹੀ ਸ਼ਹਿਰ ਨੂੰ ਬੰਦ ਕਰਵਾਉਣ ਦੀ ਅਸਫਲ ਕੋਸ਼ਿਸ ਕੀਤੀ ਅਤੇ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਨਹੀਂ ਕੀਤਾ ਤਾਂ ਪੁਲਿਸ ਨਤੀਜੇ ਭੁਗਤਣ ਲਈ ਤਿਆਰ ਰਹੇ। ਹਾਲਾਂਕਿ ਪੁਲਿਸ ਸੀ ਸੀ ਟੀ ਵੀ ਖੰਗਾਲ ਕੇ ਛਾਪੇਮਾਰੀ ਕਰ ਰਹੀ ਹੈ। ਲੇਕਿਨ ਸ਼ਾਮ ਤੱਕ ਪੁਲਿਸ ਦੇ ਹੱਥ ਖਾਲੀ ਹਨ। ਹੁਸ਼ਿਆਰਪੁਰ ਦੇ ਐਸ ਐਸ ਪੀ ਸੁਰੇਂਦਰ ਲਾਂਬਾ ਸਾਰੇ ਮਾਮਲੇ ਦੀ ਅਗਵਾਈ ਕਰ ਰਹੇ ਹਨ।