ਦਾ ਐਡੀਟਰ ਨਿਊਜ਼, ਲੁਧਿਆਣਾ —– ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕਾਂਉਕੇ ਦੀ ਛਾਤੀ ਵਿੱਚ ਗੋਲੀ ਉਸ ਸਮੇਂ ਦੇ ਐਸ.ਐਸ.ਪੀ.ਸਰਵਣ ਸਿੰਘ ਘੋਟਣੇ ਵੱਲੋਂ ਮਾਰੀ ਗਈ ਸੀ ਤੇ ਪੁਲਿਸ ਮੁਲਾਜ਼ਿਮ ਤਰਸੇਮ ਸਿੰਘ ਕੁਝ ਹੋਮਗਾਰਡਾਂ ਦੇ ਨਾਲ ਇੱਕ ਕੈਂਟਰ ਵਿੱਚ ਜਥੇਦਾਰ ਦੀ ਲਾਸ਼ ਚੁੱਕ ਕੇ ਲੈ ਗਿਆ ਸੀ ਜਿਸ ਨੂੰ ਬਾਅਦ ਵਿੱਚ ਦਰਿਆ ਵਿੱਚ ਵਹਾ ਦਿੱਤਾ ਗਿਆ, ਇਹ ਖੁਲਾਸਾ ਸਾਬਕਾ ਪੁਲਿਸ ਮੁਲਾਜ਼ਿਮ ਦਰਸ਼ਨ ਸਿੰਘ ਹਠੂਰ ਵੱਲੋਂ ਕੀਤਾ ਗਿਆ ਜੋ ਕਿ ਉਸ ਸਮੇਂ ਜਗਰਾਓ ਸਿਟੀ ਥਾਣੇ ਵਿੱਚ ਤੈਨਾਤ ਸੀ ਤੇ ਅਕਸਰ ਮੁਲਜ਼ਿਮਾਂ ਨੂੰ ਸੀਆਏਏ ਸਟਾਫ ਛੱਡਣ ਤੇ ਲੈਣ ਜਾਂਦਾ ਸੀ।
ਉਕਤ ਸਾਬਕਾ ਮੁਲਾਜ਼ਿਮ ਨੇ ਉਸ ਸਮੇਂ ਦੇ ਸੀਆਈਏ ਸਟਾਫ ਦੇ ਇੰਚਾਰਜ ਹਰਭਗਵਾਨ ਸਿੰਘ ਦੀ ਤੁਲਨਾ ਬੁੱਚੜ ਨਾਲ ਕਰਦਿਆ ਕਿਹਾ ਕਿ ਉਸ ਨੇ ਜਥੇਦਾਰ ਕਾਂਉਕੇ ਉਪਰ ਅੰਨਾ ਤਸ਼ੱਦਦ ਕੀਤਾ ਸੀ ਤੇ ਇਸ ਤਸ਼ੱਦਦ ਦੌਰਾਨ ਜਥੇਦਾਰ ਦੀ ਇੱਕ ਅੱਖ ਵੀ ਕੱਢ ਦਿੱਤੀ ਗਈ ਤੇ ਜਿਸ ਰਾਤ ਜਥੇਦਾਰ ਕਾਂਉਂਕੇ ਦੇ ਸਵਰਣ ਸਿੰਘ ਘੋਟਣੇ ਨੇ ਗੋਲੀ ਮਾਰੀ ਉਸ ਤੋਂ ਕੁਝ ਸਮਾਂ ਪਹਿਲਾ ਗੁਰਮੀਤ ਸਿੰਘ ਨਾਮ ਦੇ ਇੰਸਪੈਕਟਰ ਨੇ ਨਢਾਲ ਪਏ ਜਥੇਦਾਰ ਕਾਂਉੁਕੇ ਉੱਪਰ ਇੱਕ ਕੰਬਲ ਦਿੱਤਾ ਸੀ ਤੇ ਉਨ੍ਹਾਂ ਨਜਦੀਕ ਇੱਕ ਹੀਟਰ ਵੀ ਲਗਾਇਆ ਸੀ ਲੇਕਿਨ ਜਦੋਂ ਐਸਐਸਪੀ ਘੋਟਣੇ ਨੇ ਇਹ ਦੇਖਿਆ ਤਾਂ ਉਸ ਨੇ ਗੁਰਮੀਤ ਸਿੰਘ ਨੂੰ ਗਾਲਾਂ ਕੱਢੀਆ ਤੇ ਹੀਟਰ ਨੂੰ ਵੀ ਲੱਤ ਮਾਰ ਕੇ ਦੂਰ ਸੁੱਟ ਦਿੱਤਾ, ਇਸ ਉਪਰੰਤ ਹਰਭਗਵਾਨ ਸਿੰਘ, ਸਵਰਣ ਸਿੰਘ ਘੋਟਣੇ ਵੱਲੋਂ ਸ਼ਰਾਬ ਪੀਤੀ ਗਈ ਤੇ ਇਸੇ ਦੌਰਾਨ ਘੋਟਣੇ ਨੇ ਮੁਲਾਜ਼ਿਮਾਂ ਨੂੰ ਕਿਹਾ ਕਿ ਇਸ ਦੇ ਗੋਲੀ ਮਾਰ ਦਿਓ ਪਰ ਇੱਕ ਮੁਲਾਜ਼ਿਮ ਨੇ ਕਿਹਾ ਕਿ ਜਨਾਬ ਜਰਨੈਲ ਦੇ ਗੋਲੀ ਜਰਨੈਲ ਨੂੰ ਹੀ ਮਾਰਨੀ ਚਾਹੀਦੀ ਹੈ ਜਿਸ ਉਪਰੰਤ ਐਸਐਸਪੀ ਘੋੋਟਣੇ ਨੇ ਜਥੇਦਾਰ ਕਾਂਉਕੇ ਦੇ ਗੋਲੀ ਮਾਰ ਦਿੱਤੀ। ਇੱਥੇ ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਹੁਣ ਅਗਲੀ ਕਾਰਵਾਈ ਕਰਵਾਉਣ ਲਈ ਐਸਜੀਪੀਸੀ ਵੱਲੋਂ ਚਾਰਾਜੋਈ ਸ਼ੁਰੂ ਕਰ ਦਿੱਤੀ ਗਈ ਹੈ।