ਦਾ ਐਡੀਟਰ ਨਿਊਜ਼, ਚੰਡੀਗੜ੍ਹ —– 2018 ਤੋਂ ਹੁਣ ਤੱਕ 403 ਭਾਰਤੀ ਵਿਦਿਆਰਥੀਆਂ ਦੀ ਵਿਦੇਸ਼ਾਂ ਵਿਚ ਮੌਤ ਹੋਈ ਹੈ ਜਿਸ ਵਿਚ ਸਭ ਤੋਂ ਵੱਧ ਮੌਤਾਂ ਕੈਨੇਡਾ ਵਿਚ ਹੋਈਆਂ ਹਨ। ਇਹ ਜਾਣਕਾਰੀ ਕੇਂਦਰ ਸਰਕਾਰ ਨੇ ਰਾਜ ਸਭਾ ਵਿਚ ਦਿੱਤੀ ਹੈ। ਕੇਂਦਰੀ ਮੰਤਰੀ ਵੀ ਮੁਰਾਲੀਧਰਨ ਨੇ ਦੱਸਿਆ ਕਿ ਭਾਰਤੀ ਵਿਦਿਆਰਥੀਆਂ ਦੀ ਮੌਤ ਦੇ ਕਾਰਨ ਕੁਦਰਤੀ ਮੌਤਾਂ ਤੇ ਹਾਦਸੇ ਵੀ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 91 ਮੌਤਾਂ ਕੈਨੇਡਾ ਵਿੱਚ ਹੋਈਆਂ ਹਨ ਅਤੇ 48 ਮੌਤਾਂ ਬਰਤਾਨੀਆ ਵਿੱਚ ਹੋਈਆਂ ਹਨ।
ਜੇਕਰ ਅਸੀਂ ਵੱਖ-ਵੱਖ ਦੇਸ਼ਾਂ ਵਿਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦੀ ਕੁੱਲ ਗਿਣਤੀ ‘ਤੇ ਨਜ਼ਰ ਮਾਰੀਏ ਤਾਂ ਜ਼ਿਆਦਾਤਰ ਮੌਤਾਂ ਕੁਦਰਤੀ ਕਾਰਨਾਂ, ਦੁਰਘਟਨਾਵਾਂ ਜਾਂ ਸਿਹਤ ਸੰਬੰਧੀ ਕਾਰਨਾਂ ਕਰਕੇ ਹੋਈਆਂ ਹਨ। ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ (7 ਦਸੰਬਰ) ਨੂੰ ਰਾਜ ਸਭਾ ਵਿੱਚ ਪੜ੍ਹਾਈ ਲਈ ਵਿਦੇਸ਼ ਗਏ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਬਾਰੇ ਇਹ ਜਾਣਕਾਰੀ ਦਿੱਤੀ।

ਕੈਨੇਡਾ ਵਿੱਚ ਸਭ ਤੋਂ ਵੱਧ ਮੌਤਾਂ ਕਿਉਂ ਹੋਈਆਂ ? ਇਸ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਸੰਸਦ ਦੇ ਬਾਹਰ ਕਿਹਾ ਕਿ ਉੱਥੇ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।
ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਰਾਜ ਸਭਾ ਨੂੰ ਦੱਸਿਆ ਕਿ ਮੰਤਰਾਲੇ ਕੋਲ ਉਪਲਬਧ ਜਾਣਕਾਰੀ ਦੇ ਅਨੁਸਾਰ, 2018 ਤੋਂ ਵਿਦੇਸ਼ ਪੜ੍ਹਨ ਗਏ ਭਾਰਤੀ ਵਿਦਿਆਰਥੀਆਂ ਦੀ ਮੌਤ ਦੀਆਂ 403 ਘਟਨਾਵਾਂ ਸਾਹਮਣੇ ਆਈਆਂ ਹਨ। ਜੇਕਰ ਅਸੀਂ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਨ੍ਹਾਂ ਦੁਖਦਾਈ ਘਟਨਾਵਾਂ ਦੇ ਦੇਸ਼-ਵਾਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਉਹ ਇਸ ਤਰ੍ਹਾਂ ਹਨ;
ਕੈਨੇਡਾ ਵਿੱਚ 91 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ
ਯੂਨਾਈਟਿਡ ਕਿੰਗਡਮ/ਯੂਕੇ ਵਿੱਚ – 48
ਰੂਸ ਵਿਚ – 40
ਸੰਯੁਕਤ ਰਾਜ ਵਿੱਚ – 36
ਆਸਟ੍ਰੇਲੀਆ ਵਿਚ – 35
ਯੂਕਰੇਨ ਵਿੱਚ – 21
ਜਰਮਨੀ ਵਿੱਚ – 14
ਸਾਈਪ੍ਰਸ ਵਿੱਚ – 14
ਇਟਲੀ ਵਿੱਚ – 10
ਫਿਲੀਪੀਨਜ਼ ਵਿੱਚ – 10
2018 ਤੋਂ ਪਿਛਲੇ 5 ਸਾਲਾਂ ਵਿੱਚ, ਵਿਦੇਸ਼ਾਂ ਵਿੱਚ ਪੜ੍ਹਨ ਲਈ ਗਏ 403 ਭਾਰਤੀ ਵਿਦਿਆਰਥੀਆਂ ਦੀ ਮੌਤ ਹੈ। ਇਹ ਅੰਕੜਾ ਭਾਰਤ ਸਰਕਾਰ ਨੇ ਖੁਦ ਪੇਸ਼ ਕੀਤਾ ਹੈ। ਇਸ ਸਮੇਂ ਦੌਰਾਨ ਲਗਭਗ 34 ਦੇਸ਼ਾਂ ਵਿੱਚੋਂ ਕੈਨੇਡਾ ਅਤੇ ਬਰਤਾਨੀਆ ਵਿੱਚ ਭਾਰਤੀ ਵਿਦਿਆਰਥੀਆਂ ਦੀ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਵਿਦੇਸ਼ ਰਾਜ ਮੰਤਰੀ ਦੇ ਅਨੁਸਾਰ, ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਸਰਕਾਰ ਦੀ ਮਹੱਤਵਪੂਰਨ ਤਰਜੀਹਾਂ ਵਿੱਚੋਂ ਇੱਕ ਰਹੀ ਹੈ। ਇਸ ਤਹਿਤ ਸਬੰਧਤ ਦੇਸ਼ਾਂ ਵਿੱਚ ਤਾਇਨਾਤ ਸੀਨੀਅਰ ਭਾਰਤੀ ਅਧਿਕਾਰੀ ਅਕਸਰ ਭਾਰਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੀਆਂ ਐਸੋਸੀਏਸ਼ਨਾਂ ਦੇ ਸੰਪਰਕ ਵਿੱਚ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਇਲਾਵਾ ਲੋੜ ਪੈਣ ‘ਤੇ ਯੂਨੀਵਰਸਿਟੀਆਂ ਅਤੇ ਵਿਦਿਅਕ ਅਦਾਰਿਆਂ ਦਾ ਵੀ ਦੌਰਾ ਕੀਤਾ ਜਾਂਦਾ ਹੈ।