ਦਾ ਐਡੀਟਰ ਨਿਊਜ.ਹੁਸ਼ਿਆਰਪੁਰ ——- ਸਿਵਲ ਹਸਪਤਾਲ ਦੇ ਗੇਟ ਦੇ ਬਿਲਕੁਲ ਨਜ਼ਦੀਕ ਰੇਹੜੀਆਂ ਉੱਪਰ ਨਸ਼ੇ ਦੀਆਂ ਗੋਲੀਆਂ ਵੇਚਣ ਵਾਲਿਆਂ ਖਿਲਾਫ ਜਿਲ੍ਹਾ ਸੇਹਤ ਅਫਸਰ ਡਾ. ਲਖਵੀਰ ਸਿੰਘ ਵੱਲੋਂ ਆਪਣੀ ਟੀਮ ਸਮੇਤ ਬੁੱਧਵਾਰ ਨੂੰ ਲਏ ਗਏ ਸਖਤ ਸਟੈਂਡ ਤੋਂ ਬਾਅਦ ਵੀਰਵਾਰ ਸਵੇਰੇ ਹੀ ਨਗਰ ਨਿਗਮ ਦੀ ਟੀਮ ਸਿਵਲ ਹਸਪਤਾਲ ਦੇ ਬਾਹਰ ਪੁੱਜ ਗਈ ਤੇ ਉੱਥੇ ਲੱਗੀਆਂ ਕਈ ਰੇਹੜੀਆਂ ਨੂੰ ਚੁੱਕ ਲਿਆ ਗਿਆ ਤੇ ਇਸ ਤਰ੍ਹਾਂ ਸਾਲਾਂ ਤੋਂ ਸੜਕ ਉੱਪਰ ਕੀਤੇ ਗਏ ਨਜਾਇਜ ਕਬਜੇ ਹਟਾ ਦਿੱਤੇ ਗਏ। ਦੱਸ ਦਈਏ ਕਿ ਬੁੱਧਵਾਰ ਨੂੰ ਜਿਲ੍ਹਾ ਸੇਹਤ ਅਫਸਰ ਡਾ. ਲਖਵੀਰ ਸਿੰਘ ਨੇ ਇੱਕ ਸ਼ਿਕਾਇਤ ਦੇ ਆਧਾਰ ਉੱਪਰ ਗੇਟ ਨਜ਼ਦੀਕ ਪ੍ਰਵਾਸੀ ਵਿਅਕਤੀਆਂ ਵੱਲੋਂ ਲਗਾਈਆਂ ਗਈਆਂ ਰੇਹੜੀਆਂ ਦੀ ਜਦੋਂ ਚੈਕਿੰਗ ਕੀਤੀ ਤਦ ਇੱਕ ਰੇਹੜੀ ਤੋਂ ਨਸ਼ੇ ਦੀਆਂ ਗੋਲੀਆਂ ਵੱਡੀ ਮਾਤਰਾ ਵਿੱਚ ਬ੍ਰਾਮਦ ਕੀਤੀਆਂ ਗਈਆਂ ਸਨ, ਜਿਸ ਪਿੱਛੋ ਉਸ ਰੇਹੜੀ ਵਾਲੇ ਨੂੰ ਥਾਣਾ ਮਾਡਲ ਟਾਊਨ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਤੇ ਸੇਹਤ ਵਿਭਾਗ ਨੇ ਇਨ੍ਹਾਂ ਨਜਾਇਜ ਰੇਹੜੀਆਂ ਨੂੰ ਹਟਾਉਣ ਲਈ ਨਗਰ ਨਿਗਮ ਨੂੰ ਲਿਖਿਆ ਸੀ ਜਿਸ ਪਿੱਛੋ ਅੱਜ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਭਰੋਸੇਯੋਗ ਸੂਤਰਾਂ ਅਨੁਸਾਰ ਬੁੱਧਵਾਰ ਨੂੰ ਜਿਸ ਸਮੇਂ ਡਾ. ਲਖਵੀਰ ਸਿੰਘ ਨੇ ਆਪਣੀ ਟੀਮ ਨਾਲ ਇਹ ਕਾਰਵਾਈ ਕੀਤੀ ਸੀ ਤਦ ਸਿਵਲ ਹਸਪਤਾਲ ਦੇ ਕਈ ਵੱਡੇ ਅਧਿਕਾਰੀਆਂ ਨੂੰ ਡਾ. ਲਖਵੀਰ ਸਿੰਘ ਨੇ ਇਸ ਕਾਰਵਾਈ ਦਾ ਹਿੱਸਾ ਬਣਨ ਲਈ ਕਿਹਾ ਸੀ ਲੇਕਿਨ ਜਿੰਨਾ ਚਿਰ ਉਨ੍ਹਾਂ ਵੱਲੋਂ ਰੇਹੜੀਆਂ ਤੋਂ ਨਸ਼ਾ ਬ੍ਰਾਮਦ ਕਰਕੇ ਰੇਹੜੀ ਵਾਲੇ ਨੂੰ ਪੁਲਿਸ ਹਵਾਲੇ ਨਹੀਂ ਕਰ ਦਿੱਤਾ ਗਿਆ ਤਦ ਤੱਕ ਹਸਪਤਾਲ ਅੰਦਰ ਮੌਜੂਦ ਕੋਈ ਵੱਡਾ ਅਧਿਕਾਰੀ ਉਨ੍ਹਾਂ ਦੀ ਮਦਦ ਲਈ ਮੌਕੇ ’ਤੇ ਨਹੀਂ ਪੁੱਜਾ ਲੇਕਿਨ ਇਸ ਪੂਰੀ ਕਾਰਵਾਈ ਦੌਰਾਨ ਗੁਰਵਿੰਦਰ ਸ਼ਾਨੇ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਇੱਥੇ ਜਿਕਰਯੋਗ ਹੈ ਕਿ ਹਸਪਤਾਲ ਦੇ ਬਾਹਰ ਨਸ਼ੇ ਦੀ ਵਿੱਕਰੀ ਸਬੰਧੀ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੂੰ ਲੋਕ ਪਿਛਲੇ ਲੰਬੇ ਸਮੇਂ ਤੋਂ ਸ਼ਿਕਾਇਤਾਂ ਕਰਦੇ ਆ ਰਹੇ ਸਨ ਲੇਕਿਨ ਕੋਈ ਕਾਰਵਾਈ ਨਹੀਂ ਕਰ ਰਿਹਾ ਸੀ ਲੇਕਿਨ ਮੰਗਲਵਾਰ ਨੂੰ ਜਦੋਂ ਇੱਕ ਵਫਦ ਇਸ ਮਾਮਲੇ ਵਿੱਚ ਡਾ. ਲਖਵੀਰ ਸਿੰਘ ਨੂੰ ਮਿਲਿਆ ਤਾਂ ਉਨ੍ਹਾਂ ਨੇ ਬੁੱਧਵਾਰ ਨੂੰ ਹੀ ਕਾਰਵਾਈ ਅਮਲ ਵਿੱਚ ਲਿਆ ਦਿੱਤੀ ਜਿਸ ਦੀ ਚਰਚਾ ਪੂਰੇ ਸ਼ਹਿਰ ਵਿੱਚ ਹੋ ਰਹੀ ਹੈ ਕਿ ਜੇਕਰ ਸਾਰੇ ਅਧਿਕਾਰੀ ਆਪਣੀ ਡਿਊਟੀ ਨੂੰ ਇਸੇ ਤਰ੍ਹਾਂ ਨਿਭਾਉਣ ਤਾਂ ਸਮਾਜ ਵਿੱਚ ਫੈਲੀ ਹੋਈ ਗੰਦਗੀ ਬਹੁਤ ਜਲਦ ਸਾਫ ਕੀਤੀ ਜਾ ਸਕਦੀ ਹੈ।
ਮੰਤਰੀ ਨੇ ਕਿਹਾ ਜਾਂਚ ਹੋਵੇਗੀ
ਹੁਸ਼ਿਆਰਪੁਰ ਸਿਵਲ ਹਸਪਤਾਲ ਪੁੱਜੇ ਹੋਏ ਸੇਹਤ ਮੰਤਰੀ ਬਲਵੀਰ ਸਿੰਘ ਨੇ ਹਸਪਤਾਲ ਦੇ ਬਾਹਰ ਵੇਚੇ ਜਾ ਰਹੇ ਨਸ਼ੇ ਬਾਰੇ ਟਿੱਪਣੀ ਕਰਦਿਆ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਵੇਗੀ ਕਿ ਜਿਹੜੀਆਂ ਨਸ਼ੇ ਦੀਆਂ ਗੋਲੀਆਂ ਰੇਹੜੀਆਂ ਵਾਲੇ ਵੇਚ ਰਹੇ ਸਨ ਕਿਤੇ ਉਹ ਸਰਕਾਰੀ ਸਪਲਾਈ ਦਾ ਹਿੱਸਾ ਤਾਂ ਨਹੀਂ ਸਨ ਜੋ ਕਿ ਓਟ ਸੈਂਟਰਾਂ ਵਿੱਚ ਨਸ਼ੇ ਦੇ ਆਦੀ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ।