ਦਾ ਐਡੀਟਰ ਨਿਊਜ.ਹੁਸ਼ਿਆਰਪੁਰ ——– 28 ਸਿਤੰਬਰ ਦੇਰ ਸ਼ਾਮ ਪਿੰਡ ਮੇਘੋਵਾਲ ਗੰਜਿਆਂ ਵਿਖੇ ਅਕਾਲੀ ਆਗੂ ਤੇ ਪਿੰਡ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਅਣਖੀ ਦੀ ਦੋ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਨ੍ਹਾਂ ਦੀ ਮਿ੍ਰਤਕ ਦੇਹ ਦਾ ਅੱਜ ਉਨ੍ਹਾਂ ਦੇ ਪਿੰਡ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਇਸ ਮੌਕੇ ਜਿੱਥੇ ਵੱਡੀ ਗਿਣਤੀ ਵਿੱਚ ਪੁਲਿਸ ਮੌਜੂਦ ਰਹੀ ਉੱਥੇ ਹੀ ਸੁਰਜੀਤ ਸਿੰਘ ਅਣਖੀ ਨੂੰ ਅੰਤਿਮ ਵਿਦਾਇਗੀ ਦੇਣ ਲਈ ਇਲਾਕੇ ਨਾਲ ਸਬੰਧਿਤ ਸੈਂਕੜੇ ਲੋਕ ਪੁੱਜੇ, ਇਸ ਸਮੇਂ ਅੰਤਿਮ ਰਸਮਾਂ ਸੰਤ ਬਾਬਾ ਇੰਦਰ ਦਾਸ ਜੀ ਅਤੇ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵੱਲੋਂ ਨਿਭਾਈਆਂ ਗਈਆਂ। ਸੁਰਜੀਤ ਸਿੰਘ ਅਣਖੀ ਜੋ ਕਿ ਪਿੰਡ ਦੇ ਦੋ ਵਾਰ ਸਰਪੰਚ ਰਹੇ ਹਨ ਤੇ ਮੌਜੂਦਾ ਸਮੇਂ ਉਨ੍ਹਾਂ ਦੀ ਪਤਨੀ ਪਿੰਡ ਦੀ ਸਰਪੰਚ ਹੈ।
ਅੰਤਿਮ ਸਸਕਾਰ ਸਮੇਂ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਤੋਂ ਆਪ ਦੇ ਵਿਧਾਇਕ ਡਾ. ਰਵਜੋਤ ਸਿੰਘ, ਅਕਾਲੀ ਆਗੂ ਜਤਿੰਦਰ ਸਿੰਘ ਲਾਲੀ ਬਾਜਵਾ, ਸਾਬਕਾ ਸੰਸਦ ਮੈਂਬਰ ਵਰਿੰਦਰ ਸਿੰਘ ਬਾਜਵਾ, ਗੁਰਨਾਮ ਸਿੰਘ ਸਿੰਗੜੀਵਾਲਾ, ਹਰਸਿਮਰਨ ਸਿੰਘ ਬਾਜਵਾ, ਹਰਦੇਵ ਸਿੰਘ ਸਹਾਏਪੁਰੀ, ਰਣਜੀਤ ਸਿੰਘ ਰਾਣਾ, ਜਸਵਿੰਦਰ ਸਿੰਘ ਛਾਉਣੀ ਕਲਾ, ਵਿਸ਼ਵਨਾਥ ਬੰਟੀ, ਜਰਨੈਲ ਸਿੰਘ ਸੀਕਰੀ, ਰਣਧੀਰ ਸਿੰਘ ਭਾਰਜ, ਸਤਵਿੰਦਰ ਸਿੰਘ ਆਹਲੂਵਾਲੀਆ, ਜਪਿੰਦਰ ਸਿੰਘ ਅਟਵਾਲ, ਬੱਬੂ ਹੈਦਰੋਵਾਲ, ਬਾਜ ਸਿੰਘ, ਪ੍ਰਦੀਪ ਸੈਣੀ, ਹਰਸਿਮਰਨ ਸਿੰਘ, ਗੁਰਦੀਪ ਸਿੰਘ ਖੁਣਖੁਣ, ਤਰਸੇਮ ਸਿੰਘ ਮੰਡਿਆਲਾ, ਪ੍ਰਭਪਾਲ ਸਿੰਘ ਬਾਜਵਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਜਿਕਰਯੋਗ ਹੈ ਕਿ ਸੁਰਜੀਤ ਸਿੰਘ ਅਣਖੀ ਸ਼੍ਰੋਮਣੀ ਅਕਾਲੀ ਦਲ ਅਮਿ੍ਰਤਸਰ ਵੱਲੋਂ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਤੋਂ ਚੋਣ ਵੀ ਲੜ ਚੁੱਕੇ ਹਨ ਤੇ ਬਾਅਦ ਵਿੱਚ ਉਹ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋ ਗਏ ਸਨ। ਪਿੰਡ ਦੀ ਸਰਪੰਚੀ ਨੂੰ ਲੈ ਕੇ ਉਨ੍ਹਾਂ ਦੀ ਪਿੰਡ ਦੇ ਕੁਝ ਲੋਕਾਂ ਨਾਲ ਪਿਛਲੇ ਸਮੇਂ ਦੌਰਾਨ ਤਕਰਾਰ ਵੀ ਰਹੀ ਹੈ ਲੇਕਿਨ ਕੁਝ ਸਮਾਂ ਪਹਿਲਾ ਹੀ ਇਲਾਕੇ ਦੇ ਧਾਰਮਿਕ ਆਗੂਆਂ ਵੱਲੋਂ ਦੋਵੇਂ ਧਿਰਾਂ ਦਰਮਿਆਨ ਸਮਝੌਤਾ ਵੀ ਕਰਵਾ ਦਿੱਤਾ ਗਿਆ ਸੀ।

ਸ਼ੂਟਰਾਂ ਤੱਕ ਨਹੀਂ ਪੁੱਜੀ ਪੁਲਿਸ
ਜਿਸ ਦਿਨ ਸੁਰਜੀਤ ਸਿੰਘ ਅਣਖੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਸੇ ਦਿਨ ਬੁੱਲ੍ਹੋਵਾਲ ਪੁਲਿਸ ਨੇ ਪਿੰਡ ਮੇਘੋਵਾਲ ਗੰਜਿਆਂ ਦੇ 7 ਲੋਕਾਂ ਨੂੰ ਗਿ੍ਰਫਤਾਰ ਕਰ ਲਿਆ ਸੀ ਤੇ ਇਸ ਮਾਮਲੇ ਵਿੱਚ ਅਮਰੀਕਾ ਰਹਿੰਦੇ ਇੱਕ ਹੋਰ ਪਿੰਡ ਵਾਸੀ ਨੂੰ ਨਾਮਜਦ ਕੀਤਾ ਗਿਆ ਸੀ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਗਿ੍ਰਫਤਾਰ ਕੀਤੇ ਗਏ ਲੋਕਾਂ ਤੋਂ ਹੁਣ ਤੱਕ ਦੀ ਕੀਤੀ ਗਈ ਪੁੱਛਗਿੱਛ ਵਿੱਚ ਪੁਲਿਸ ਨੂੰ ਕੋਈ ਖਾਸ ਜਾਣਕਾਰੀ ਨਹੀਂ ਮਿਲੀ ਜਿਸ ਕਾਰਨ ਹਾਲੇ ਤੱਕ ਪੁਲਿਸ ਸ਼ੂਟਰਾਂ ਤੱਕ ਪੁੱਜ ਨਹੀਂ ਪਾ ਰਹੀ।