ਦਾ ਐਡੀਟਰ ਨਿਊਜ਼, ਸੰਗਰੂਰ ——- ਕੈਨੇਡਾ ’ਚ ਲੜਕੀ ਦਾ ਕਤਲ ਕਰਕੇ ਫ਼ਰਾਰ ਹੋਏ ਦੋਸ਼ੀ ਨੂੰ ਸੰਗਰੂਰ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਗਰੂਰ ਜ਼ਿਲ੍ਹੇ ਦੇ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਮਿਤੀ 20 ਅਕਤੂਬਰ 2025 ਨੂੰ ਸੰਗਰੂਰ ਦੀ ਲੜਕੀ ਦਾ ਕੈਨੇਡਾ ਵਿੱਚ ਕਤਲ ਹੋਇਆ ਸੀ, ਜਿਸ ਨੂੰ ਸੰਗਰੂਰ ਪੁਲਿਸ ਵੱਲੋਂ ਸੁਲਝਾਅ ਲਿਆ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਇੰਦਰਜੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪ੍ਰੇਮ ਬਸਤੀ ਸੰਗਰੂਰ ਨੇ ਦਰਖਾਸਤ ਰਾਹੀਂ ਦੱਸਿਆ ਕਿ ਉਸ ਦੀਆਂ ਦੋਵੇਂ ਲੜਕੀਆਂ ਗੁਰਸਿਮਰਨ ਕੌਰ ਅਤੇ ਅਮਨਪ੍ਰੀਤ ਕੌਰ ਕੈਨੇਡਾ ਵਿਖੇ ਰਹਿੰਦੀਆਂ ਹਨ। ਅਮਨਪ੍ਰੀਤ ਕੌਰ ਟੋਰਾਂਟੋ ਈਸਟ ਯੋਰਕ ਵਿਖੇ ਕਿਰਾਏ ਉੱਤੇ ਰਹਿੰਦੀ ਸੀ ਅਤੇ ਹਸਪਤਾਲ ਵਿੱਚ ਬਤੌਰ ਪਰਸਨਲ ਸਪੋਰਟ ਵਰਕਰ ਦੀ ਨੌਕਰੀ ਕਰਦੀ ਸੀ। ਮਿਤੀ 20 ਅਕਤੂਬਰ 2025 ਤੋਂ 3/4 ਦਿਨ ਪਹਿਲਾਂ ਉਸ ਦੀ ਛੋਟੀ ਲੜਕੀ ਅਮਨਪ੍ਰੀਤ ਕੌਰ ਨੇ ਫ਼ੋਨ ਕਰਕੇ ਦੱਸਿਆ ਕਿ ਮਨਪ੍ਰੀਤ ਸਿੰਘ ਪੁੱਤਰ ਲੇਟ ਕਾਬਲ ਸਿੰਘ ਵਾਸੀ ਬਸਲੀਪੁਰ ਥਾਣਾ ਗੋਕਰਨਾਥ (ਗੋਹਲਾਂ), ਜ਼ਿਲ੍ਹਾ ਲਖੀਮਪੁਰ ਖੀਰੀ (ਯੂ.ਪੀ.) ਜੋ ਕੈਨੇਡਾ ਵਿਖੇ ਰਹਿੰਦਾ ਹੈ ਤੇ ਉਹ ਉਸ ਨਾਲ ਕੰਮ ਤੇ ਟੈਕਸੀ ਉੱਤੇ ਜਾਇਆ ਕਰਦੀ ਸੀ, ਜਿਸ ਨਾਲ ਉਸ ਦੀ ਜਾਣ-ਪਹਿਚਾਣ ਸੀ, ਜੋ ਉਸ ਨਾਲ ਵਿਆਹ ਕਰਵਾਉਣ ਲਈ ਦਬਾਅ ਪਾ ਰਿਹਾ ਸੀ, ਪਰ ਉਸ ਦੀ ਲੜਕੀ ਨੇ ਵਿਆਹ ਕਰਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

ਐਸ.ਐਸ.ਪੀ. ਨੇ ਦੱਸਿਆ ਕਿ ਮਿਤੀ 21 ਅਕਤੂਬਰ 2025 ਨੂੰ ਇੰਦਰਜੀਤ ਸਿੰਘ ਦਾ ਆਪਣੀ ਲੜਕੀ ਅਮਨਪ੍ਰੀਤ ਕੌਰ ਸੈਣੀ ਨਾਲ ਸੰਪਰਕ ਨਹੀਂ ਹੋਇਆ, ਜਿਸ ਸਬੰਧੀ ਉਸ ਨੇ ਆਪਣੀ ਵੱਡੀ ਲੜਕੀ ਗੁਰਸਿਮਰਨ ਕੌਰ ਨੂੰ ਪਤਾ ਕਰਨ ਲਈ ਕਿਹਾ, ਜਿਸ ਬਾਰੇ ਪਤਾ ਲੱਗਾ ਕਿ ਅਮਨਪ੍ਰੀਤ ਕੌਰ ਆਪਣੀ ਰਿਹਾਇਸ਼ ਤੋਂ ਡਿਊਟੀ ’ਤੇ ਚਲੀ ਗਈ ਸੀ, ਪਰ ਡਿਊਟੀ ’ਤੇ ਨਹੀਂ ਪਹੁੰਚੀ ਤੇ ਨਾ ਹੀ ਰਿਹਾਇਸ਼ ’ਤੇ ਵਾਪਸ ਆਈ। ਜਿਸ ਸਬੰਧੀ ਗੁਰਸਿਮਰਨ ਕੌਰ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਕੈਨੇਡਾ ਪੁਲਿਸ ਕੋਲ ਦਿੱਤੀ ਸੀ। ਮਿਤੀ 21 ਅਕਤੂਬਰ 2025 ਨੂੰ ਗੁਰਸਿਮਰਨ ਕੌਰ ਨੂੰ ਕੈਨੇਡਾ ਪੁਲਿਸ ਦਾ ਫ਼ੋਨ ਆਇਆ ਕਿ ਅਮਨਪ੍ਰੀਤ ਕੌਰ ਸੈਣੀ ਦੀ ਲਾਸ਼ ਨਾਈਗਰਾ ਫਾਲਸ ਓਨਟਾਰੀਓ ਕੈਨੇਡਾ ਦੇ ਨੇੜੇ ਤੋਂ ਬਰਾਮਦ ਹੋਈ ਹੈ, ਕੈਨੇਡਾ ਪੁਲਿਸ ਦੀ ਜਾਣਕਾਰੀ ਮੁਤਾਬਿਕ ਟੈਕਸੀ ਡਰਾਈਵਰ ਜਿਸ ਦਾ ਨਾਮ ਮਨਪ੍ਰੀਤ ਸਿੰਘ ਉਮਰ ਕਰੀਬ 27 ਸਾਲ ਹੈ, ਜੋ ਅਮਨਪ੍ਰੀਤ ਕੌਰ ਸੈਣੀ ਦਾ ਕਤਲ ਕਰਕੇ ਇੰਡੀਆ ਭੱਜ ਗਿਆ ਹੈ।
ਸ੍ਰ. ਸਰਤਾਜ ਸਿੰਘ ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਨਪ੍ਰੀਤ ਸਿੰਘ ਉਕਤ ਵੱਲੋਂ ਇੰਦਰਜੀਤ ਸਿੰਘ ਦੀ ਵੱਡੀ ਲੜਕੀ ਗੁਰਸਿਮਰਨ ਕੌਰ ਨੂੰ ਵੱਟਸਐਪ ਅਤੇ ਇੰਸਟਾਗ੍ਰਾਮ ਉੱਤੇ ਕਾਲ ਕਰਕੇ ਉਸ ਨੂੰ ਅਤੇ ਉਸ ਦੇ ਸੰਗਰੂਰ ਵਿਖੇ ਰਹਿੰਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਫਿਰ ਅਕਤੂਬਰ 2025 ਦੇ ਅਖੀਰਲੇ ਦਿਨਾਂ ਵਿੱਚ ਮਨਪ੍ਰੀਤ ਸਿੰਘ ਉਕਤ ਇੰਦਰਜੀਤ ਸਿੰਘ ਦੇ ਘਰ ਦਾਤਰ ਲੈ ਕੇ ਸੰਗਰੂਰ ਵਿਖੇ ਦਾਖਲ ਹੋਇਆ ਅਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਕੈਨੇਡਾ ਵਿਖੇ ਕਤਲ ਕੇਸ ਦੀ ਪੈਰਵਾਈ ਨਾ ਕਰਨ ਬਾਰੇ ਕਹਿ ਕੇ ਮੌਕਾ ਤੋਂ ਫ਼ਰਾਰ ਹੋ ਗਿਆ।
ਜਿਸਤੋਂ ਬਾਅਦ ਇੰਦਰਜੀਤ ਸਿੰਘ ਨੇ ਆਪਣੇ ਘਰ ਦੇ ਬਾਹਰ ਸੀ.ਸੀ.ਟੀ.ਵੀ. ਕੈਮਰੇ ਲਗਵਾ ਲਏ। ਮਨਪ੍ਰੀਤ ਸਿੰਘ ਫੇਰ ਮਿਤੀ 30 ਨਵੰਬਰ 2025 ਅਤੇ 10 ਜਨਵਰੀ 2026 ਦੀ ਰਾਤ ਨੂੰ ਇੰਦਰਜੀਤ ਸਿੰਘ ਦੇ ਘਰ ਦੇ ਬਾਹਰ ਆਇਆ ਅਤੇ ਆਪਣੀਆਂ ਸੈਲਫੀਆਂ ਤੇ ਘਰ ਦੇ ਬਾਹਰ ਲੱਗੇ ਕੈਮਰਿਆਂ ਦੀਆਂ ਫ਼ੋਟੋਆਂ ਖਿੱਚ ਕੇ ਮੌਕਾ ਤੋਂ ਭੱਜ ਗਿਆ। ਜਿਸ ਤੋਂ ਬਾਅਦ ਮਨਪ੍ਰੀਤ ਸਿੰਘ ਨੇ ਉਕਤ ਸੈਲਫੀਆਂ ਤੇ ਫ਼ੋਟੋਆਂ ਉਸ ਦੀ ਵੱਡੀ ਲੜਕੀ ਗੁਰਸਿਮਰਨ ਕੌਰ ਨੂੰ ਭੇਜ ਕੇ ਡਰਾਇਆ ਧਮਕਾਇਆ ਤੇ ਛੋਟੀ ਲੜਕੀ ਮ੍ਰਿਤਕ ਅਮਨਪ੍ਰੀਤ ਕੌਰ ਸੈਣੀ ਦੀਆਂ ਇਤਰਾਜ਼ਯੋਗ ਫ਼ੋਟੋਆਂ ਵਾਇਰਲ ਕਰਨ ਦੀਆਂ ਧਮਕੀਆਂ ਦਿੱਤੀਆਂ। ਜੋ ਬਾਅਦ ਵਿੱਚ ਮਨਪ੍ਰੀਤ ਸਿੰਘ ਨੇ ਇੰਸਟਾਗ੍ਰਾਮ ਉੱਤੇ ਜਾਅਲੀ ਅਕਾਊਂਟ ਬਣਾ ਕੇ ਅਮਨਪ੍ਰੀਤ ਕੌਰ ਦੀਆਂ ਇਤਰਾਜ਼ਯੋਗ ਫ਼ੋਟੋਆਂ ਬਣਾ ਕੇ ਅਸ਼ਲੀਲ ਕੁਮੈਂਟਸ ਨਾਲ ਵਾਇਰਲ ਕਰ ਦਿੱਤੀਆਂ। ਜਿਸ ’ਤੇ ਇੰਦਰਜੀਤ ਸਿੰਘ ਦੇ ਬਿਆਨ ’ਤੇ ਮੁਕੱਦਮਾ ਨੰਬਰ 02 ਮਿਤੀ 14.01.2026 ਅ/ਧ 333,351(3),79 ਬੀ.ਐਨ.ਐਸ, 67A, 66C ਆਈ.ਟੀ. ਐਕਟ 2000 ਥਾਣਾ ਸਾਈਬਰ ਕ੍ਰਾਈਮ ਸੰਗਰੂਰ ਬਰਖ਼ਿਲਾਫ਼ ਮਨਪ੍ਰੀਤ ਸਿੰਘ ਪੁੱਤਰ ਲੇਟ ਕਾਬਲ ਸਿੰਘ ਵਾਸੀ ਬਸਲੀਪੁਰ (ਗੋਹਲਾਂ), ਜ਼ਿਲ੍ਹਾ ਲਖੀਮਪੁਰੀ (ਯੂ.ਪੀ.) ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ।
ਐਸ.ਪੀ. (ਡੀ) ਦਵਿੰਦਰ ਅੱਤਰੀ ਦੀ ਯੋਗ ਅਗਵਾਈ ਹੇਠ ਡੀ.ਐਸ.ਪੀ. (ਡੀ) ਦਲਜੀਤ ਸਿੰਘ ਵਿਰਕ ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ ਸੰਗਰੂਰ ਇੰਸਪੈਕਟਰ ਸੰਦੀਪ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਸਾਈਬਰ ਕ੍ਰਾਈਮ ਸੰਗਰੂਰ ਇੰਸਪੈਕਟਰ ਹਰਜੀਤ ਕੌਰ ਦੀਆਂ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਫ਼ਤੀਸ਼ ਅਮਲ ਵਿੱਚ ਲਿਆਉਂਦੇ ਹੋਏ ਮਿਤੀ 15 ਜਨਵਰੀ 2026 ਨੂੰ ਦੋਸ਼ੀ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਪਾਸੋਂ ਪੁੱਛ-ਗਿੱਛ ਜਾਰੀ ਹੈ, ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।