ਦਾ ਐਡੀਟਰ ਨਿਊਜ਼, ਚੰਡੀਗੜ੍ਹ ——- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫਰਜ਼ੀ ਵੀਡੀਓ ਅਪਲੋਡ ਕਰਨ ਵਾਲੇ ਮੁਲਜ਼ਮ ਨੇ ਆਪਣੇ ਖਿਲਾਫ ਮੋਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਪੰਜ ਹੋਰ ਫੋਟੋਆਂ ਅਤੇ ਵੀਡੀਓ ਪੋਸਟ ਕੀਤੀਆਂ ਹਨ। ਉਸਨੇ ਪਹਿਲਾਂ ਦੋ ਵੀਡੀਓ ਪੋਸਟ ਕੀਤੇ ਸਨ।
ਜਿਸ ਤੋਂ ਬਾਅਦ ਹੁਣ ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਮੋਹਾਲੀ ਅਦਾਲਤ ਨੇ ਤੁਰੰਤ ਪੋਸਟਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ। ਇਸ ਤੋਂ ਬਿਨਾ ਐਫਆਈਆਰ ਦੀ ਇੱਕ ਕਾਪੀ ਪੁਲਿਸ ਵੱਲੋਂ ਵੀ ਭੇਜੀ ਗਈ ਹੈ। ਜੇਕਰ ਵੀਡੀਓ ਅਜੇ ਵੀ ਅਪਲੋਡ ਕੀਤੇ ਜਾਂਦੇ ਹਨ, ਤਾਂ ਖਾਤਿਆਂ ਨੂੰ ਬਲਾਕ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਗੂਗਲ ਨੂੰ ਵੀ ਹੁਕਮ ਦਿੱਤਾ ਗਿਆ ਹੈ ਕਿ ਅਜਿਹੀ ਸਮੱਗਰੀ ਸੇਰਚ ਰਿਜ਼ਲਟ ਵਿੱਚ ਨਾ ਦਿਖਾਈ ਦੇਵੇ।

ਜੇ ਫੇਸਬੁੱਕ ਅਤੇ ਗੂਗਲ ਵੱਲੋਂ ਵੀਡੀਓ ਬਲੌਕ ਨਹੀਂ ਕੀਤੀ ਗਈ, ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਪੋਸਟ ਹਟਾਉਣ ਲਈ ਨੋਟਿਸ ਜਾਰੀ ਕੀਤਾ ਸੀ।
ਮੁਲਜ਼ਮ ਨੇ ਸਰਕਾਰ ਅਤੇ ਪੁਲਿਸ ਨੂੰ ਮੀਡੀਆ ਵਿੱਚ ਉਸਦਾ ਸਾਹਮਣਾ ਕਰਨ ਦੀ ਚੁਣੌਤੀ ਵੀ ਦਿੱਤੀ ਹੈ। ਉਸਨੇ ਲਿਖਿਆ, “ਇਹ ਸਿਰਫ਼ ਇੱਕ ਟ੍ਰੇਲਰ ਹੈ। ਜੇਕਰ ਕੋਈ ਇਹ ਸਾਬਤ ਕਰ ਸਕਦਾ ਹੈ ਕਿ ਇਹ ਵੀਡੀਓ AI ਦੀ ਵਰਤੋਂ ਕਰਕੇ ਬਣਾਏ ਗਏ ਹਨ, ਤਾਂ ਉਸਨੂੰ ਇੱਕ ਮਿਲੀਅਨ ਡਾਲਰ ਦਾ ਇਨਾਮ ਦਿੱਤਾ ਜਾਵੇਗਾ।”
ਦੋਸ਼ੀ ਦੀ ਪਛਾਣ ਜਗਮਨ ਸਮਰਾ ਵਜੋਂ ਹੋਈ ਹੈ। ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਗਗਨਪ੍ਰੀਤ ਸਿੰਘ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਜਗਮਨ ਸਮਰਾ ਦੇ ਖਾਤੇ ਤੋਂ ਕੰਬੋਡੀਆ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਪਾਦਿਤ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਕਰਕੇ ਉਨ੍ਹਾਂ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਅਲੀ ਵੀਡੀਓਜ਼ ਦੀ ਸਮੱਗਰੀ ਅਸ਼ਲੀਲ ਅਤੇ ਭੜਕਾਊ ਹੈ।