ਦਾ ਐਡੀਟਰ ਨਿਊਜ਼, ਚੰਡੀਗੜ੍ਹ —– ਦੁਨੀਆ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚੋਂ 13 ਭਾਰਤ ਦੇ ਹਨ। ਆਸਾਮ ਦਾ ਬਰਨੀਹਾਟ ਇਸ ਸੂਚੀ ’ਚ ਸਭ ਤੋਂ ਉੱਪਰ ਹੈ। ਪੰਜਾਬ ਦਾ ਮੁੱਲਾਂਪੁਰ ਤੀਜੇ ਨੇਬਰ ’ਤੇ ਆਉਂਦਾ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਪ੍ਰਕਾਸ਼ਿਤ ਹੋਈ ਇਕ ਨਵੀਂ ਰਿਪੋਰਟ ਤੋਂ ਮਿਲੀ ਹੈ।
ਸਵਿਟਜ਼ਰਲੈਂਡ ਦੀ ਏਅਰ ਕੁਆਲਿਟੀ ਤਕਨਾਲੋਜੀ ਕੰਪਨੀ ਆਈ. ਕਿਊ. ਏ. ਆਰ. ਦੀ ਵਿਸ਼ਵ ਹਵਾ ਦੀ ਗੁਣਵੱਤਾ ਬਾਰੇ ਰਿਪੋਰਟ 2024 ’ਚ ਕਿਹਾ ਗਿਆ ਹੈ ਕਿ ਦਿੱਲੀ ਵਿਸ਼ਵ ਪੱਧਰ ’ਤੇ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਹੈ। ਭਾਰਤ 2024 ’ਚ ਦੁਨੀਆ ਦਾ ਪੰਜਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼ ਸੀ। 2023 ’ਚ ਭਾਰਤ ਇਸ ਸੂਚੀ ’ਚ ਤੀਜੇ ਨੰਬਰ ’ਤੇ ਸੀ। ਗੁਆਂਢੀ ਦੇਸ਼ ਪਾਕਿਸਤਾਨ ਦੇ 4 ਸ਼ਹਿਰ ਤੇ ਚੀਨ ਦਾ ਇਕ ਸ਼ਹਿਰ ਦੁਨੀਆ ਦੇ ਚੋਟੀ ਦੇ 20 ਪ੍ਰਦੂਸ਼ਿਤ ਸ਼ਹਿਰਾਂ ’ਚ ਸ਼ਾਮਲ ਹਨ।


ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ 2024 ਵਿਚ ਪੀ. ਐੱਮ. 2.5 ਦੇ ਗਾੜ੍ਹੇਪਣ ’ਚ 7 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ, ਜੋ 2023 ’ਚ 54.4 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੇ ਮੁਕਾਬਲੇ ਔਸਤ 50.6 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਸੀ। ਦਿੱਲੀ ’ਚ ਹਵਾ ਦੇ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਹੈ। ਸਾਲਾਨਾ ਔਸਤ ਪੀ. ਐੱਮ. 2.5 ਗਾੜ੍ਹਾਪਣ 2023 ’ਚ 102.4 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਵਧ ਕੇ 2024 ’ਚ 108.3 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਹੋ ਗਿਆ।
ਦੁਨੀਆ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚ ਆਸਾਮ ਦਾ ਬਰਨੀਹਾਟ, ਦਿੱਲੀ, ਪੰਜਾਬ ਦਾ ਮੁੱਲਾਂਪੁਰ, ਹਰਿਆਣਾ ਦਾ ਫਰੀਦਾਬਾਦ ਤੇ ਗੁਰੂਗ੍ਰਾਮ, ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ ਦਾ ਲੋਨੀ, ਨੋਇਡਾ, ਗ੍ਰੇਟਰ ਨੋਇਡਾ, ਮੁਜ਼ੱਫਰਨਗਰ, ਰਾਜਸਥਾਨ ਦਾ ਸ਼੍ਰੀਗੰਗਾਨਗਰ, ਭਿਵਾੜੀ ਤੇ ਹਨੂੰਮਾਨਗੜ੍ਹ ਸ਼ਾਮਲ ਹਨ।
ਰਿਪੋਰਟ ’ਚ ਕਿਹਾ ਗਿਆ ਹੈ ਕਿ 35 ਫੀਸਦੀ ਭਾਰਤੀ ਸ਼ਹਿਰਾਂ ’ਚ ਸਾਲਾਨਾ ਪੀ. ਐੱਮ. 2.5 ਦਾ ਪੱਧਰ ਵਿਸ਼ਵ ਸਿਹਤ ਸੰਗਠਨ ਦੀ 5 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਹੱਦ ਤੋਂ 10 ਗੁਣਾ ਵੱਧ ਹੈ। ਆਸਾਮ ਤੇ ਮੇਘਾਲਿਆ ਦੀ ਹੱਦ ’ਤੇ ਸਥਿਤ ਕਸਬੇ ਬਰਨੀਹਾਟ ’ਚ ਸ਼ਰਾਬ ਬਣਾਉਣ ਅਤੇ ਲੋਹੇ ਤੇ ਸਟੀਲ ਦੇ ਪਲਾਂਟਾਂ ਸਮੇਤ ਸਥਾਨਕ ਫੈਕਟਰੀਆਂ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਪ੍ਰਦੂਸ਼ਣ ਦਾ ਪੱਧਰ ਉੱਚਾ ਹੈ।
ਦਿੱਲੀ ਸਾਰਾ ਸਾਲ ਹਵਾ ਦੇ ਉੱਚ ਪ੍ਰਦੂਸ਼ਣ ਨਾਲ ਜੂਝਦੀ ਰਹਿੰਦੀ ਹੈ। ਸਰਦੀਆਂ ਦੌਰਾਨ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਉਦੋਂ ਉਲਟ ਮੌਸਮੀ ਹਾਲਾਤ, ਵਾਹਨਾਂ ਵੱਲੋਂ ਛੱਡਿਆ ਜਾਣ ਵਾਲਾ ਧੂੰਆਂ, ਝੋਨੇ ਦੀ ਪਰਾਲੀ ਦਾ ਸੜਨਾ, ਪਟਾਕਿਆਂ ਦੇ ਫਟਣ ਦਾ ਧੂੰਆਂ ਤੇ ਸਥਾਨਕ ਪ੍ਰਦੂਸ਼ਣ ਦੇ ਹੋਰ ਸੋਮੇ ਮਿਲ ਕੇ ਹਵਾ ਦੀ ਗੁਣਵੱਤਾ ਨੂੰ ਖਤਰਨਾਕ ਬਣਾਉਂਦੇ ਹਨ। ਭਾਰਤ ’ਚ ਹਵਾ ਦਾ ਪ੍ਰਦੂਸ਼ਣ ਇਕ ਗੰਭੀਰ ਸਿਹਤ ਖ਼ਤਰਾ ਬਣਿਆ ਹੋਇਆ ਹੈ, ਜਿਸ ਨਾਲ ਲੋਕਾਂ ਦੀ ਉਮਰ ਅੰਦਾਜ਼ਨ 5.2 ਸਾਲ ਘੱਟ ਜਾਂਦੀ ਹੈ। ਪਿਛਲੇ ਸਾਲ ਲੇਸੈਂਟ ਪਲੈਨੇਟਰੀ ਹੈਲਥ ਵੱਲੋਂ ਪ੍ਰਕਾਸ਼ਿਤ ਅਧਿਐਨ ਅਨੁਸਾਰ 2009 ਤੋਂ 2019 ਤੱਕ ਭਾਰਤ ’ਚ ਹਰ ਸਾਲ ਲਗਭਗ 1.5 ਮਿਲੀਅਨ ਲੋਕਾਂ ਦੀ ਮੌਤ ਪੀ. ਐੱਮ. 2.5 ਪ੍ਰਦੂਸ਼ਣ ਦੇ ਸੰਭਾਵੀ ਤੌਰ ’ਤੇ ਲੰਬੇ ਸਮੇਂ ਦੇ ਸੰਪਰਕ ਕਾਰਨ ਹੋਈ।