ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਪੰਜਾਬ ਪੁਲਸ ਵਿਚੋਂ ਬਰਖ਼ਾਸਤ ਕੀਤੇ ਗਏ ਡੀ. ਐੱਸ. ਪੀ. ਅਤੇ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਲੜ ਚੁੱਕੇ ਬਲਵਿੰਦਰ ਸਿੰਘ ਸੇਖੋਂ ਬੁੱਧਵਾਰ ਨੂੰ ਪਾਰਟੀ ਇੰਚਾਰਜ ਵਿਜੇ ਰੁਪਾਣੀ ਦੀ ਅਗਵਾਈ ਹੇਠ ਭਾਜਪਾ ’ਚ ਸ਼ਾਮਲ ਹੋ ਗਏ। ਬਲਵਿੰਦਰ ਸਿੰਘ ਸੇਖੋਂ ਪਿਛਲੇ ਲੰਬੇ ਅਰਸੇ ਤੋਂ ਪੰਜਾਬ ਦੇ ਮੁੱਖ ਸਿਆਸੀ ਮੁੱਦਿਆਂ ’ਤੇ ਪ੍ਰਮੁੱਖਤਾ ਨਾਲ ਆਪਣੀ ਗੱਲ ਰੱਖਦੇ ਆ ਰਹੇ ਹਨ। ਇਸ ਤੋਂ ਇਲਾਵਾ ਬਲਵਿੰਦਰ ਸਿੰਘ ਸੇਖੋਂ ਪਿਛਲੇ ਦਿਨਾਂ ਦੌਰਾਨ ਉੱਚ ਅਦਾਲਤ ਦੀ ਮਾਣਹਾਨੀ ਕੇਸ ਵਿਚ ਜੇਲ੍ਹ ਵੀ ਕੱਟ ਚੁੱਕੇ ਹਨ।
ਬਲਵਿੰਦਰ ਸਿੰਘ ਸੇਖੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਟਕਰਾਅ ਤੋਂ ਬਾਅਦ ਖਬਰਾਂ ਵਿਚ ਆਏ ਸਨ। ਚਰਚਾਵਾਂ ਹਨ ਕਿ ਉਹ ਭਾਜਪਾ ਵੱਲੋਂ ਲੁਧਿਆਣਾ ਦੀ ਆਗਾਮੀ ਜ਼ਿਮਨੀ ਚੋਣ ਲਈ ਉਮੀਦਵਾਰ ਹੋ ਸਕਦੇ ਹਨ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਭਾਜਪਾ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਅਤੇ ਲੁਧਿਆਣਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਵੀ ਹਾਜ਼ਰ ਸਨ।