– 27.74 ਕਰੋੜ ਰੁਪਏ ਨਾਲ 29 ਪਿੰਡਾਂ ਵਿਚੋਂ ਸੇਮ ਦਾ ਹੋਵੇਗਾ ਸਥਾਈ ਹੱਲ
– ਭੁਮੀ ਤੇ ਜਲ ਸੰਭਾਲ ਮੰਤਰੀ ਵੱਲੋਂ ਅਧਿਕਾਰੀਆਂ ਨਾਲ ਬੈਠਕ
ਦਾ ਐਡੀਟਰ ਨਿਊਜ਼, ਫਾਜ਼ਿਲਕਾ —— ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਫਾਜ਼ਿਲਕਾ ਜਿਲ਼੍ਹੇ ਵਿਚ ਸੇਮ ਦੀ ਸਮੱਸਿਆ ਦੇ ਸਥਾਈ ਹੱਲ ਲਈ ਨਵੀਂ ਤਕਨੀਕ ਦਾ ਪਾਇਲਟ ਪ੍ਰੋਜੈਕਟ ਉਲੀਕਿਆ ਗਿਆ ਹੈ। ਇਸਤੇ ਪੰਜਾਬ ਸਰਕਾਰ ਵੱਲੋਂ 27 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਇਹ ਪ੍ਰੋਜੈਕਟ 29 ਪਿੰਡਾਂ ਦੇ ਕਿਸਾਨਾਂ ਲਈ ਵਰਦਾਨ ਸਿੱਧ ਹੋਵੇਗਾ। ਇਹ ਜਾਣਕਾਰੀ ਪੰਜਾਬ ਦੇ ਜਲ ਸ੍ਰੋਤ ਅਤੇ ਭੁਮੀ ਅਤੇ ਜਲ ਸੰਭਾਲ ਵਿਭਾਗ ਦੇ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਬੀਤੀ ਦੇਰ ਸ਼ਾਮ ਅਰਨੀਵਾਲਾ ਵਿਖੇ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਮੌਕੇ ਦਿੱਤੀ। ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਵੀ ਵਿਸੇਸ਼ ਤੌਰ ਤੇ ਹਾਜਰ ਸਨ।


ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਮਦਦ ਲਈ ਦ੍ਰਿੜ ਸਕੰਲਪਿਤ ਹੈ ਅਤੇ ਇਸੇ ਲਈ ਨਵੀਂ ਤਕਨੀਕ ਦਾ ਇਹ ਪ੍ਰੋਜੈਕਟ ਭੁਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਉਲੀਕਿਆ ਗਿਆ ਤਾਂ ਜੋ ਸੇਮ ਦੀ ਸਮੱਸਿਆ ਦਾ ਸਥਾਈ ਹੱਲ ਹੋ ਸਕੇ। ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਵਿਭਾਗ ਦੇ ਪ੍ਰੋਜੈਕਟ ਤੇਜੀ ਨਾਲ ਪੂਰੀ ਕਰਨ ਦੇ ਨਿਰਦੇਸ਼ ਦਿੱਤੇ। ਇਸ ਨਾਲ ਲਗਭਗ 5000 ਹੈਕਟੇਅਰ ਰਕਬੇ ਨੂੰ ਲਾਭ ਹੋਵੇਗਾ।
ਜਿਕਰਯੋਗ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਖੂਈਆਂ ਸਰਵਰ, ਅਬੋਹਰ ਤੇ ਅਰਨੀਵਾਲਾ ਬਲਾਕਾਂ ਦੇ ਕੁਝ ਪਿੰਡਾਂ ਵਿਚ ਸੇਮ ਦੀ ਸਮੱਸਿਆ ਪੈਦਾ ਹੋਈ ਹੈ। ਜਿਸ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਸੀ। ਇਸਤੋਂ ਪਹਿਲਾਂ ਸੇਮ ਦੀ ਸਮੱਸਿਆ ਦੇ ਹੱਲ ਲਈ ਸੇਮ ਨਾਲ ਬਣਾਉਣ ਜਾਂ ਧਰਤੀ ਦੀ ਸਤਿਹ ਤੋਂ 3-5 ਫੁਟ ਡੁੰਘੀਆਂ ਜਮੀਨਦੋਜ ਸੁਰਾਖਦਾਰ ਪਾਇਪਾਂ ਦਾ ਜਾਲ ਪਾਇਆ ਜਾਂਦਾ ਸੀ ਜਿੰਨ੍ਹਾਂ ਵਿਚੋਂ ਪਾਣੀ ਇੱਕਤਰ ਹੋਕੇ ਇਕ ਜਗਾ ਇੱਕਠਾ ਹੁੰਦਾ ਸੀ ਅਤੇ ਉਥੋਂ ਇਸ ਨੂੰ ਡ੍ਰੇਨ ਵਿਚ ਭੇਜ ਦਿੱਤਾ ਜਾਂਦਾ ਸੀ, ਪਰ ਇਹ ਪਾਇਪਾ ਥੋੜੇ ਸਮੇਂ ਵਿਚ ਸਿਲਟ ਨਾਲ ਭਰ ਜਾਂਦੀਆਂ ਸੀ ਅਤੇ ਇਸ ਨਾਲ ਸੇਮ ਦਾ ਸਥਾਈ ਹੱਲ ਨਹੀਂ ਸੀ ਹੁੰਦਾ। ਇਸ ਮੌਕੇ ਐਸਡੀਐਮ ਸ੍ਰੀ ਕੰਵਰਜੀਤ ਸਿੰਘ ਮਾਨ ਵੀ ਹਾਜਰ ਸਨ।
ਬਾਕਸ ਲਈ ਪ੍ਰਸਤਾਵਿਤ
ਕਿਵੇਂ ਵੱਖ ਹੋਵੇਗੀ ਨਵੀਂ ਤਕਨੀਕ
ਨਵੀਂ ਤਕਨੀਕ ਤਹਿਤ ਹਰੇਕ 25 ਏਕੜ ਦੇ ਰਕਬੇ ਵਿਚ ਇਕ 30-50 ਫੁੱਟ ਡੁੰਘਾ ਬੋਰਵੈਲ-ਟਿਊਬਵੇਲ ਲਗਾਇਆ ਜਾਵੇਗਾ। ਟਿਊਬਵੈਲ ਸੇਮ ਭਰੀ ਧਰਤੀ ਤੋਂ ਪਾਣੀ ਨੂੰ ਪੰਪ ਕਰਕੇ ਬਾਹਰ ਕੱਢੇਗਾ। ਇਸ ਟਿਊਬਵੈਲ ਨੂੰ ਸੂਰਜੀ ਉਰਜਾ ਨਾਲ ਚਲਾਇਆ ਜਾਵੇਗਾ। ਇਸ ਨਾਲ ਪ੍ਰੋਜੈਕਟ ਦੇ ਰੋਜਮਰਾ ਦੇ ਖਰਚੇ ਨਹੀਂ ਹੋਣਗੇ। ਹਰੇਕ ਟਿਊਬਵੈਲ ਨੂੰ ਪਾਇਪਲਾਈਨ ਨੈਟਵਰਕ ਨਾਲ ਜੋੜ ਕੇ ਇਹ ਪਾਣੀ ਨੇੜੇ ਦੀ ਡ੍ਰੇਨ ਵਿਚ ਪਾਇਆ ਜਾਵੇਗਾ। ਇਹ ਪ੍ਰੋਜੈਕਟ ਸੇਮ ਨਾਲ ਭਰੀ ਧਰਤੀ ਨੂੰ ਜਿਆਦਾ ਡੁੰਘਾਈ ਤੱਕ ਨਿਕਾਸੀ ਵਿਚ ਮਦਦ ਕਰੇਗਾ, ਜਿਸ ਨਾਲ ਬਰਸਾਤ ਦੌਰਾਨ ਵੀ ਸੇਮ ਦੀ ਔਂਕੜ ਪੇਸ਼ ਨਹੀਂ ਆਵੇਗੀ।
ਬਾਕਸ ਲਈ ਪ੍ਰਸਤਾਵਿਤ
ਮੰਡਲ ਭੁਮੀ ਰੱਖਿਆ ਅਫ਼ਸਰ ਸ: ਗੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਪਾਇਲਟ ਪ੍ਰੋਜੈਕਟ ਪਿੰਡ ਘੱਲੂ, ਖੂਈਖੇੜਾ, ਕਬੂਲਸ਼ਾਹ ਖੁੱਬਣ, ਖਿਓਵਾਲੀ, ਲੱਖੇਵਾਲੀ, ਅਲਿਆਣਾ, ਟਾਹਲੀਵਾਲਾ ਬੋਦਲਾ, ਘੱਟਿਆਂਵਾਲੀ ਜੱਟਾਂ, ਸਜਰਾਣਾ, ਕੁਹਾੜਿਆਂ ਵਾਲੀ, ਬੁਰਜ ਹਨੁਮਾਨਗੜ੍ਹ, ਸਿੰਘ ਪੁਰਾ, ਚਾਹਲਾਂ ਵਾਲੀ, ਘੱਟਿਆਂਵਾਲੀ ਬੋਦਲਾ, ਪਾਕਾਂ, ਬੰਨਾਂ ਵਾਲਾ, ਆਲਮਗੜ੍ਹ, ਸੱਯਦਵਾਲਾ, ਕਿੱਕਰ ਖੇੜਾ, ਧਰਮ ਪੁਰਾ, ਢਾਬਾ ਕੋਕਰੀਆਂ, ਧਰਾਂਗਵਾਲਾ, ਬਹਾਦਰਖੇੜਾ, ਕਾਲਾ ਟਿੱਬਾ, ਜੋਧਪੁਰ, ਰਾਮਗੜ੍ਹ, ਗੱਦਾਡੋਬ, ਰਾਮਸਰਾ ਅਤੇ ਦੋਤਾਰਾਂਵਾਲੀ ਵਿਚ ਲਾਗੂ ਕੀਤਾ ਜਾਵੇਗਾ।