– ਸਿੱਧੂ-ਬਾਜਵਾ-ਰੰਧਾਵਾ-ਚੰਨੀ ਵਰਗੇ ਆਗੂਆਂ ਨੂੰ ਇੱਕ ਪਲੇਟਫਾਰਮ ‘ਤੇ ਲਿਆਉਣਾ ਮੁੱਖ ਟੀਚਾ
ਦਾ ਐਡੀਟਰ ਨਿਊਜ਼, ਚੰਡੀਗੜ੍ਹ —– ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਪੰਜਾਬ ਦੇ ਇੰਚਾਰਜ ਪਾਏ ਜਾਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਦਾ ਦੌਰਾ ਕਰ ਰਹੇ ਹਨ। ਇਸ ਦੌਰੇ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ।


ਪਿਛਲੀਆਂ ਉਪ ਚੋਣਾਂ ਅਤੇ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਦੇ ਬਿਹਤਰ ਪ੍ਰਦਰਸ਼ਨ ਤੋਂ ਬਾਅਦ, ਕਾਂਗਰਸ 2027 ਵਿੱਚ ਵਾਪਸੀ ਦੀ ਉਮੀਦ ਕਰ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਭੁਪੇਸ਼ ਬਘੇਲ ਦਾ ਅੰਮ੍ਰਿਤਸਰ ਸਾਹਿਬ ਵਿੱਚ ਕਈ ਥਾਵਾਂ ‘ਤੇ ਸਵਾਗਤ ਕੀਤਾ ਜਾਵੇਗਾ ਜਿੱਥੇ ਸੂਬੇ ਭਰ ਤੋਂ ਕਾਂਗਰਸੀ ਵਰਕਰਾਂ ਅਤੇ ਆਗੂਆਂ ਦਾ ਇੱਕ ਵੱਡਾ ਅਤੇ ਉਤਸ਼ਾਹੀ ਇਕੱਠ ਹੋਵੇਗਾ।
ਬਘੇਲ ਸ਼ਨੀਵਾਰ ਨੂੰ ਚੰਡੀਗੜ੍ਹ ਪਹੁੰਚ ਰਹੇ ਹਨ ਅਤੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਆ ਰਹੇ ਹਨ। ਜਿੱਥੇ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦਫ਼ਤਰ ਵਿਖੇ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਨਗੇ। ਦੋ ਦਿਨਾਂ ਦੇ ਦੌਰੇ ਤੋਂ ਬਾਅਦ, ਬਘੇਲ ਸ਼ਨੀਵਾਰ ਸ਼ਾਮ 7.30 ਵਜੇ ਦਿੱਲੀ ਲਈ ਰਵਾਨਾ ਹੋਣਗੇ।
ਬਘੇਲ ਦੇ ਸਾਹਮਣੇ ਵੱਡੀਆਂ ਜ਼ਿੰਮੇਵਾਰੀਆਂ…….
ਧੜੇਬੰਦੀ ਨੂੰ ਖਤਮ ਕਰਨਾ – ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਵਰਗੇ ਆਗੂਆਂ ਨੂੰ ਪਾਰਟੀ ਦੇ ਅੰਦਰ ਇੱਕ ਪਲੇਟਫਾਰਮ ‘ਤੇ ਲਿਆਉਣਾ ਬਘੇਲ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ।
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੂੰ ਮਜ਼ਬੂਤ ਕਰਨਾ – ਆਮ ਆਦਮੀ ਪਾਰਟੀ (ਆਪ) ਦੇ ਖਿਲਾਫ ਇੱਕ ਮਜ਼ਬੂਤ ਵਿਰੋਧ ਖੜ੍ਹਾ ਕਰਨ ਲਈ ਕਾਂਗਰਸ ਨੂੰ ਅੰਦਰੂਨੀ ਕਲੇਸ਼ਾਂ ਨੂੰ ਦੂਰ ਕਰਨਾ।
2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ – 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਕਾਂਗਰਸ ਨੂੰ ਇੱਕ ਮਜ਼ਬੂਤ ਰਣਨੀਤੀ ਬਣਾਉਣੀ ਪਵੇਗੀ ਤਾਂ ਜੋ ਪੰਜਾਬ ਵਿੱਚ ਪਾਰਟੀ ਦੀ ਸਥਿਤੀ ਵਿੱਚ ਸੁਧਾਰ ਹੋ ਸਕੇ।
ਨਾਰਾਜ਼ ਆਗੂਆਂ ਨੂੰ ਮਨਾਉਣਾ – ਪਾਰਟੀ ਦੇ ਕਈ ਸੀਨੀਅਰ ਆਗੂ ਹਾਈਕਮਾਨ ਤੋਂ ਨਾਰਾਜ਼ ਹਨ। ਬਘੇਲ ਨੂੰ ਅਜਿਹੇ ਆਗੂਆਂ ਨੂੰ ਮਨਾਉਣ ਅਤੇ ਉਨ੍ਹਾਂ ਨੂੰ ਸੰਗਠਨ ਵਿੱਚ ਸਰਗਰਮ ਭੂਮਿਕਾ ਦੇਣ ਲਈ ਇੱਕ ਰਣਨੀਤੀ ਤਿਆਰ ਕਰਨੀ ।
ਕੀ ਬਘੇਲ ਦੀ ਰਣਨੀਤੀ ਸਫਲ ਹੋਵੇਗੀ ?
ਭੁਪੇਸ਼ ਬਘੇਲ ਨੂੰ ਜ਼ਮੀਨੀ ਪੱਧਰ ਦਾ ਨੇਤਾ ਮੰਨਿਆ ਜਾਂਦਾ ਹੈ ਅਤੇ ਚੋਣ ਰਣਨੀਤੀਆਂ ਬਣਾਉਣ ਵਿੱਚ ਮਾਹਰ ਹੈ। ਪਰ ਪੰਜਾਬ ਵਿੱਚ ਕਾਂਗਰਸ ਦੀ ਸਥਿਤੀ ਮਜ਼ਬੂਤ ਕਰਨ ਲਈ, ਉਸਨੂੰ ਸਥਾਨਕ ਆਗੂਆਂ ਨਾਲ ਤਾਲਮੇਲ ਬਣਾਉਣਾ ਪਵੇਗਾ ਅਤੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨੀ ਪਵੇਗੀ। ਜੇਕਰ ਉਹ ਇਸ ਵਿੱਚ ਸਫਲ ਹੋ ਜਾਂਦੇ ਹਨ, ਤਾਂ ਕਾਂਗਰਸ ਪੰਜਾਬ ਵਿੱਚ ਦੁਬਾਰਾ ਤਾਕਤ ਹਾਸਲ ਕਰ ਸਕਦੀ ਹੈ, ਪਰ ਜੇਕਰ ਧੜੇਬੰਦੀ ਜਾਰੀ ਰਹੀ ਤਾਂ ਪਾਰਟੀ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।