ਦਾ ਐਡੀਟਰ ਨਿਊਜ਼. ਹੁਸ਼ਿਆਰਪੁਰ —— ਪੰਜਾਬ ਪੁਲਿਸ ਕਿਸੇ ਘਨਾਉਣੇ ਅਪਰਾਧ ਲਈ ਕਿੰਨੀ ਗੰਭੀਰ ਹੈ ਇਸ ਦੀ ਮਿਸਾਲ ਥਾਣਾ ਹਰਿਆਣਾ ਅਧੀਨ ਪੈਂਦੇ ਪਿੰਡ ਨੰਗਲ ਈਸ਼ਰ ਵਿਚ ਦੇਖਣ ਨੂੰ ਮਿਲੀ, ਜਿੱਥੇ ਗੁਰਦੁਆਰਾ ਸਾਹਿਬ ਵਿੱਚ ਇੱਕ ਵੱਡੀ ਵਾਰਦਾਤ ਦੇ ਮਾਮਲੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰਨ ਦੀ ਜਹਿਮਤ ਤੱਕ ਨਹੀਂ ਕੀਤੀ, ਘਟਨਾ ਨੂੰ ਬੀਤਿਆਂ ਤਿੰਨ ਦਿਨ ਹੋ ਗਏ ਹਨ, ਪਰ ਪੁਲਿਸ ਨੇ ਨਾ ਤਾਂ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਨਾ ਹੀ ਅਜੇ ਤੱਕ ਕੋਈ ਐਫਆਈਆਰ ਦਰਜ ਕੀਤੀ ਹੈ।
ਇਸ ਤੋਂ ਪਹਿਲਾਂ ਪਿੰਡ ਨੰਗਲ ਈਸ਼ਰ ਦੇ ਗੁਰਦੁਆਰਾ ਸਾਹਿਬ ਦੇ ਬਾਹਰਲੇ ਦਰਵਾਜੇ ਦੇ ਜਿੰਦੇ ਤੋੜ ਕੇ ਦੋ ਲੋਕ ਅੰਦਰ ਗਏ ਅਤੇ ਉੱਥੇ ਉਹਨਾਂ ਨੇ ਅਲਮਾਰੀਆਂ ਅਤੇ ਗੋਲਕ ਦੇ ਜਿੰਦੇ ਤੋੜ ਕੇ ਜਿੱਥੇ ਚੋਰੀ ਕੀਤੀ, ਉਥੇ ਹੀ ਉਹਨਾਂ ਨੇ ਅਜਿਹਾ ਕਰਕੇ ਵੱਡੀ ਬੇਅਦਬੀ ਕੀਤੀ ਹੈ, ਇਸ ਘਟਨਾ ਦਾ ਉਸ ਵਕਤ ਪਤਾ ਲੱਗਾ ਜਦ ਤੜਕਸਾਰ ਸਵੇਰੇ ਗੁਰਦੁਆਰੇ ਦੇ ਪਾਠੀ ਸਿੰਘ ਪ੍ਰਕਾਸ਼ ਕਰਨ ਗਏ ਤਾਂ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਜਿੰਦੇ ਟੁੱਟੇ ਹੋਏ ਸਨ ਅਤੇ ਅੰਦਰਲੀ ਅਲਮਾਰੀ ਅਤੇ ਗੋਲਕ ਤੋੜ ਕੇ ਕਈ ਹਜ਼ਾਰ ਰੁਪਏ ਦੀ ਚੋਰੀ ਕੀਤੇ ਗਏ ਸਨ, ਇਹ ਸਾਰਾ ਕੁਝ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ, ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਮੀਤ ਸਿੰਘ ਸੋਢੀ ਨੇ ਦੱਸਿਆ ਕਿ 7 ਅਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਵਾਪਰੀ ਇਸ ਘਟਨਾ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ ਅਤੇ ਉਨ੍ਹਾਂ ਨੂੰ ਇੱਕ ਦਰਖਾਸਤ ਅਤੇ ਸੀਸੀਟੀਵੀ ਸੌਂਪੀ ਗਈ, ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੁਲਿਸ ਪਿੰਡ ਤੋਂ ਆਣ ਕੇ ਸਾਰਾ ਕੁਝ ਲੈ ਤਾਂ ਗਈ ਪਰ ਮੁੜ ਕੇ ਇਸ ਮਾਮਲੇ ਦੀ ਕੋਈ ਜਾਂਚ ਨਹੀਂ ਕੀਤੀ ਗਈ ਅਤੇ ਨਾ ਹੀ ਇਸ ਮਾਮਲੇ ਵਿੱਚ ਕੋਈ ਐਫਆਈਆਰ ਦਰਜ ਕੀਤੀ ਗਈ।
ਉਹਨਾਂ ਕਿਹਾ ਕਿ ਪਿੰਡ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਰੋਸ ਫੈਲਿਆ ਹੋਇਆ ਹੈ ਤੇ ਜੇਕਰ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਕੀਤੀ ਤਾਂ ਥਾਣੇ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਸ ਦੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਜਾਵੇਗੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੇਵ ਕੌਰ, ਨਿਰੰਜਣ ਸਿੰਘ, ਰਜਿੰਦਰਪਾਲ ਸਿੰਘ, ਹਰਮੀਤ ਸਿੰਘ ਸੋਢੀ, ਗੁਰਦੀਪ ਸਿੰਘ, ਹਰਦੀਪ ਸਿੰਘ, ਸੰਦੀਪ ਸਿੰਘ ਵੀ ਹਾਜਰ ਸਨ।
ਜਾਂਚ ਤੋਂ ਬਾਅਦ ਹੀ ਪਰਚਾ ਦਰਜ ਕਰਾਂਗੇ-ਐਸਐਚਓ
ਇਸ ਸਬੰਧੀ ਜਦੋਂ ਥਾਣਾ ਹਰਿਆਣਾ ਦੇ ਐਸਐਚਓ ਸਤਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ, ਜਦ ਉਹਨਾਂ ਨੂੰ ਐਫਆਈਆਰ ਸਬੰਧੀ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਇਸ ਮਾਮਲੇ ਵਿੱਚ ਪਰਚਾ ਦਰਜ ਕਰਾਂਗੇ।