ਦਾ ਐਡੀਟਰ ਨਿਊਜ, ਹੁਸ਼ਿਆਰਪੁਰ —- ਕੁਝ ਮਹੀਨੇ ਪਹਿਲਾ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੀ ਹੁਸ਼ਿਆਰਪੁਰ ਵਿੱਚ ਹੀ ਲਾਹ-ਪਾਹ ਕਰਨ ਵਾਲੀ ਨਮਿਸ਼ਾ ਮਹਿਤਾ ਨੂੰ ਬੀਤੇ ਕੱਲ੍ਹ ਦੋਬਾਰਾ ਪਾਰਟੀ ਵਿੱਚ ਸ਼ਾਮਿਲ ਕਰਕੇ ਹੁਣ ਭਾਜਪਾ ਲੀਡਰਸ਼ਿਪ ਨੇ ਵੀ ਖੰਨਾ ਨੂੰ ਸਿਆਸੀ ਤੌਰ ’ਤੇ ਖੂੰਜੇ ਲਗਾ ਦਿੱਤਾ ਹੈ, ਅਵਿਨਾਸ਼ ਰਾਏ ਖੰਨਾ ਜੋ ਕਿ ਪਹਿਲਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਦੀ ਸੀਟ ਦੇ ਵੱਡੇ ਦਾਅਵੇਦਾਰ ਸਨ ਦੇ ਦਾਅਵੇ ਨੂੰ ਵੀ ਭਾਜਪਾ ਲੀਡਰਸ਼ਿਪ ਨੇ ਰੱਦ ਕਰ ਦਿੱਤਾ ਤੇ ਇੱਥੋਂ ਸੁਭਾਸ਼ ਸ਼ਰਮਾ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਜਿਸ ਪਿੱਛੋਂ ਖੰਨਾ ਖੇਮੇ ਵਿੱਚ ਨਿਰਾਸ਼ਾ ਦਾ ਆਲਮ ਸੀ ਤੇ ਰਹਿੰਦੀ ਕਸਰ ਬੀਤੇ ਕੱਲ੍ਹ ਨਮਿਸ਼ਾ ਮਹਿਤਾ ਦਾ ਭਾਜਪਾ ਵਿੱਚ ਦੋਆਬਾ ਹੋਈ ਐਂਟਰੀ ਨੇ ਕੱਢ ਦਿੱਤੀ ਹੈ।


ਨਮਿਸ਼ਾ ਮਹਿਤਾ ਦੀ ਦੋਬਾਰਾ ਐਂਟਰੀ ਨਾਲ ਭਾਜਪਾ ਦੀ ਲੀਡਰਸ਼ਿਪ ਨੇ ਅਵਿਨਾਸ਼ ਰਾਏ ਖੰਨਾ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਸਖਤ ਸੰਦੇਸ਼ ਦਿੱਤਾ ਹੈ। ਭਾਜਪਾ ਦੇ ਸੂਤਰਾਂ ਦੀ ਮੰਨੀਏ ਤਾਂ ਨਮਿਸ਼ਾ ਮਹਿਤਾ ਨੂੰ ਭਾਜਪਾ ਵਿੱਚ ਦੋਬਾਰਾ ਵਾਪਿਸ ਲੈਣ ਦੇ ਫੈਸਲੇ ’ਤੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਲੀਡਰਸ਼ਿਪ ਨੂੰ ਇਸ ਸਬੰਧੀ ਅਵਿਨਾਸ਼ ਰਾਏ ਖੰਨਾ ਨੂੰ ਭਰੋਸੇ ਵਿੱਚ ਲੈਣ ਦੀ ਅਪੀਲ ਕੀਤੀ ਸੀ ਲੇਕਿਨ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰੁਪਾਣੀ ਨੇ ਜਾਖੜ ਦੀ ਇੱਕ ਨਹੀਂ ਸੁਣੀ ਤੇ ਨਾ ਹੀ ਅਵਿਨਾਸ਼ ਰਾਏ ਖੰਨਾ ਨਾਲ ਸਲਾਹ ਕਰਨੀ ਮੁਨਾਸਿਬ ਸਮਝੀ।
ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾ ਹੁਸ਼ਿਆਰਪੁਰ ਭਾਜਪਾ ਦੇ ਇੱਕ ਸਮਾਗਮ ਵਿੱਚ ਨਮਿਸ਼ਾ ਮਹਿਤਾ ਨੇ ਅਵਿਨਾਸ਼ ਰਾਏ ਖੰਨਾ ਨੂੰ ਸਿੱਧੇ ਹੱਥੀਂ ਲਿਆ ਸੀ ਤੇ ਸੂਤਰਾਂ ਮੁਤਾਬਿਕ ਮਾਮਲਾ ਹੱਥੋਪਾਈ ਤੱਕ ਜਾਣ ਵਾਲਾ ਸੀ ਜਿਸ ਪਿੱਛੋਂ ਖੰਨਾ ਦੀ ਸ਼ਿਕਾਇਤ ਉੱਪਰ ਨਮਿਸ਼ਾ ਮਹਿਤਾ ਨੂੰ ਪਾਰਟੀ ਤੋਂ ਬਾਹਰ ਕੀਤਾ ਗਿਆ ਸੀ, ਲੇਕਿਨ ਹੁਣ ਜਦੋਂ ਤੋਂ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸੁਭਾਸ਼ ਸ਼ਰਮਾ ਟਿਕਟ ਲੈ ਕੇ ਸਰਗਰਮ ਹੋਏ ਹਨ ਤਦ ਤੋਂ ਹੀ ਨਮਿਸ਼ਾ ਮਹਿਤਾ ਦੇ ਭਾਜਪਾ ਵਿੱਚ ਆਉਣ ਦੀ ਚਰਚਾ ਸੀ ਪਰ ਕਿਹਾ ਜਾ ਰਿਹਾ ਸੀ ਕਿ ਇਸ ਲਈ ਨਮਿਸ਼ਾ ਮਹਿਤਾ ਨੂੰ ਅਵਿਨਾਸ਼ ਰਾਏ ਖੰਨਾ ਤੋਂ ਮੁਆਫੀ ਮੰਗਣੀ ਪੈ ਸਕਦੀ ਹੈ, ਲੇਕਿਨ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ, ਕਿਹਾ ਜਾ ਰਿਹਾ ਹੈ ਕਿ ਸੁਭਾਸ਼ ਸ਼ਰਮਾ ਵੱਲੋਂ ਨਮਿਸ਼ਾ ਮਹਿਤਾ ਨੂੰ ਪਾਰਟੀ ਵਿੱਚ ਵਾਪਿਸ ਲਿਆਉਣ ਪ੍ਰਤੀ ਅਹਿਮ ਭੂਮਿਕਾ ਨਿਭਾਈ ਗਈ ਹੈ ਕਿਉਂਕਿ ਉਹ ਨਮਿਸ਼ਾ ਨਾਲ ਜੁੜੇ ਵੋਟ ਬੈਂਕ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ।

ਜਿਸ ਦੇ ਘਰ ਭਾਜਪਾ ਨੇ ਚੋਣ ਦਫਤਰ ਖੋਲ੍ਹਿਆ ਉਸ ਵੱਲੋਂ ਰੋਸ ਵਜੋਂ ਅਸਤੀਫਾ
ਇੱਕ ਦਿਨ ਪਹਿਲਾ ਹੀ ਗੜ੍ਹਸ਼ੰਕਰ ਵਿੱਚ ਜਿਸ ਭਾਜਪਾ ਆਗੂ ਦੇ ਘਰ ਪਾਰਟੀ ਉਮੀਦਵਾਰ ਸੁਭਾਸ਼ ਸ਼ਰਮਾ ਦਾ ਚੋਣ ਦਫਤਰ ਖੋਲ੍ਹਿਆ ਗਿਆ ਸੀ ਉਸ ਨੇ ਨਮਿਸ਼ਾ ਮਹਿਤਾ ਦੀ ਭਾਜਪਾ ਵਿੱਚ ਦੋਬਾਰਾ ਆਮਦ ‘ਤੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ, ਅਸਤੀਫਾ ਦੇਣ ਵਾਲੇ ਗੜ੍ਹਸ਼ੰਕਰ ਹਲਕੇ ਤੋਂ ਪਾਰਟੀ ਆਗੂ ਤਰਿਬੰਕ ਕੁਮਾਰ ਸੋਨੀ ਵੱਲੋਂ ਅਸਤੀਫੇ ਦੀ ਕਾਪੀ ਜ਼ਿਲ੍ਹਾ ਪ੍ਰਧਾਨ ਨੂੰ ਭੇਜਦੇ ਹੋਏ ਉਨ੍ਹਾਂ ਕਿਹਾ ਹੈ ਕਿ ਪਾਰਟੀ ਵੱਲੋਂ ਲਏ ਜਾ ਰਹੇ ਗਲਤ ਫੈਸਲਿਆਂ ਕਾਰਨ ਹੁਣ ਉਹ ਪਾਰਟੀ ਦਾ ਹਿੱਸਾ ਨਹੀਂ ਰਹਿ ਸਕਦੇ। ਦੱਸਿਆ ਜਾ ਰਿਹਾ ਹੈ ਕਿ ਕੁਝ ਹੋਰ ਮੰਡਲ ਪ੍ਰਧਾਨ ਵੀ ਜਲਦ ਅਸਤੀਫਾ ਦੇਣ ਜਾ ਰਹੇ ਹਨ। ਅਸਤੀਫਾ ਦੇਣ ਮਗਰੋਂ ਸੋਨੀ ਨੇ ਆਪਣੇ ਘਰ ਦੇ ਬਾਹਰ ਆਪ ਦੇ ਬੈਨਰ ਵੀ ਲਗਾ ਦਿੱਤੇ ਹਨ।