ਦਾ ਐਡੀਟਰ ਨਿਊਜ਼, ਪੱਛਮੀ ਬੰਗਾਲ —— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (69 ਸਾਲ) ਵੀਰਵਾਰ 14 ਮਾਰਚ ਦੀ ਸ਼ਾਮ ਨੂੰ ਕੋਲਕਾਤਾ ਦੇ ਕਾਲੀਘਾਟ ਸਥਿਤ ਆਪਣੇ ਘਰ ਵਿੱਚ ਹੀ ਡਿੱਗ ਗਈ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ SSKM ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਮੱਥੇ ‘ਤੇ ਤਿੰਨ ਅਤੇ ਨੱਕ ‘ਤੇ ਇਕ ਸਮੇਤ ਕੁੱਲ 4 ਟਾਂਕੇ ਲੱਗੇ ਹਨ। ਜਿਸ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਘੰਟਿਆਂ ਬਾਅਦ ਰਾਤ ਕਰੀਬ 9.30 ਵਜੇ ਛੁੱਟੀ ਦੇ ਦਿੱਤੀ ਗਈ।
ਹਾਲਾਂਕਿ ਮਮਤਾ ਦੀ ਸੱਟ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਐਸਐਸਕੇਐਮ ਹਸਪਤਾਲ ਦੇ ਡਾਇਰੈਕਟਰ ਮਨੀਮੋਏ ਬੰਦੋਪਾਧਿਆਏ ਨੇ ਆਪਣੇ ਮੈਡੀਕਲ ਬੁਲੇਟਿਨ ਵਿੱਚ ਕਿਹਾ ਹੈ ਕਿ ਬੰਗਾਲ ਦੇ ਮੁੱਖ ਮੰਤਰੀ ਨੂੰ ਕਿਸੇ ਨੇ ਪਿੱਛੇ ਤੋਂ ਧੱਕਾ ਦਿੱਤਾ, ਜਿਸ ਕਾਰਨ ਉਹ ਡਿੱਗ ਗਈ।
ਸਵਾਲ ਇਹ ਹੈ ਕਿ ਜ਼ੈੱਡ ਪਲੱਸ ਸੁਰੱਖਿਆ ਦੇ ਬਾਵਜੂਦ ਮੁੱਖ ਮੰਤਰੀ ਮਮਤਾ ਦੇ ਸੁਰੱਖਿਆ ਪ੍ਰੋਟੋਕੋਲ ‘ਚ ਕੌਣ ਦਾਖਲ ਹੋਇਆ। ਸੇਵਾਮੁਕਤ ਆਈਜੀਪੀ ਪੰਕਜ ਦੱਤਾ ਨੇ ਕਿਹਾ ਕਿ ਇਹ ਸੁਰੱਖਿਆ ਕੁਤਾਹੀ ਦਾ ਮਾਮਲਾ ਹੈ। ਇਸ ਨੂੰ ਸਿਹਤ ਸਮੱਸਿਆ ਜਾਂ ਦੁਰਘਟਨਾ ਨਹੀਂ ਕਿਹਾ ਜਾ ਸਕਦਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਕਈ ਪ੍ਰਮੁੱਖ ਲੋਕਾਂ ਨੇ ਮਮਤਾ ਦੇ ਜ਼ਖਮੀ ਹੋਣ ‘ਤੇ ਦੁੱਖ ਪ੍ਰਗਟ ਕੀਤਾ ਹੈ। ਪੀਐਮ ਮੋਦੀ ਨੇ ਐਕਸ ‘ਤੇ ਲਿਖਿਆ- ਮੈਂ ਮਮਤਾ ਦੀਦੀ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦਾ ਹਾਂ।
ਟੀਐਮਸੀ ਨੇਤਾ ਸੁਖੇਂਦੂ ਸ਼ੇਖਰ ਰੇ ਨੇ ਕਿਹਾ ਕਿ ਉਪ ਪ੍ਰਧਾਨ ਜਗਦੀਪ ਧਨਖੜ ਨੇ ਬੰਗਾਲ ਦੇ ਮੁੱਖ ਮੰਤਰੀ ਦਾ ਹਾਲ-ਚਾਲ ਪੁੱਛਿਆ ਅਤੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ। ਧਨਖੜ ਬੰਗਾਲ ਦੇ ਸਾਬਕਾ ਰਾਜਪਾਲ ਹਨ। ਬੰਗਾਲ ਦੇ ਮੌਜੂਦਾ ਰਾਜਪਾਲ ਸੀਵੀ ਆਨੰਦ ਬੋਸ ਨੇ ਐਸਐਸਕੇਐਮ ਹਸਪਤਾਲ ਦਾ ਦੌਰਾ ਕੀਤਾ ਅਤੇ ਮਮਤਾ ਨਾਲ ਮੁਲਾਕਾਤ ਕੀਤੀ।